ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁੁਰ : ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਸਮੂਹ ਵਿਭਾਗਾਂ ਦੇ ਮੁਖੀਆਂ ਨੇ ਹਿੱਸਾ ਲਿਆ। ਵਿਭਾਗਾਂ ਦੀ ਕਾਰਗੁਜ਼ਾਰੀ ਦਾ ਰਿਵਿਊ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਦਿੱਤੇ ਹੋਏ ਟੀਚਿਆਂ ਸਬੰਧੀ ਅਧਿਕਾਰੀਆਂ ਨੂੰ ਉਹ ਟੀਚੇ ਸਮੇਂ ਸਿਰ ਪੂਰਾ ਕਰਨ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਸਮੂਹ ਮਾਲ ਅਧਿਕਾਰੀਆਂ ਨੂੰ ਜ਼ਮੀਨਾਂ ਦੀਆਂ ਜਮਾਂਬੰਦੀਆਂ, ਇੰਤਕਾਲ, ਨਿਸ਼ਾਨਦੇਹੀਆਂ ਅਤੇ ਖ਼ਾਨਗੀ ਤਕਸੀਮਾਂ ਦੇ ਮਾਮਲੇ ਜਲਦੀ ਨਿਪਟਾਉਣ ਲਈ ਕਿਹਾ। ਉਨ੍ਹਾਂ ਕਰਜ਼ਾ ਵਸੂਲੀ, ਇੰਤਕਾਲਾਂ ਦੇ ਬਕਾਇਆ ਕੇਸਾਂ, ਗਿਰਦਾਵਰੀਆਂ, ਕੁਰਕੀ ਦੇ ਕੇਸਾਂ, ਕੰਪਿਊਟ੍ਰਾਈਜੇਸ਼ਨ ਆਫ਼ ਲੈਂਡ ਰਿਕਾਰਡ ਆਦਿ ਦੀ ਵੀ ਸਮੀਖਿਆ ਕੀਤੀ। ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਰਿਪੋਰਟ ਦਿੰਦੇ ਹੋਏ ਸਿੱਖਿਆ ਅਧਿਕਾਰੀ ਸੁਖਵਿੰਦਰ ਸਿੰਘ ਨੇ ਆਂਗਣਵਾੜੀ ਵਰਕਰਾਂ ਨੂੰ ਪ੍ਰਰੀ-ਪ੍ਰਰਾਈਮਰੀ ਟਰੇਨਿੰਗ ਦੇਣ ਦਾ ਪ੍ਰਸਤਾਵ ਰੱਖਿਆ। ਡਿਪਟੀ ਕਮਿਸ਼ਨਰ ਨੇ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਮੁਕੰਮਲ ਰਿਪੋਰਟ ਤਿਆਰ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਵਾਧੂ ਕਲਾਸ ਰੂਮ ਬਣਾਉਣ ਲਈ 1.93 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ ਹੈ। ਇਸੇ ਤਰ੍ਹਾਂ 1800 ਤੋਂ ਜ਼ਿਆਦਾ ਸਕੂਲਾਂ ਵਿਚ ਮਿਡ ਡੇ ਮੀਲ ਦੀ ਸੁਵਿਧਾ ਬੱਚਿਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਮਿਡ ਡੇ ਮੀਲ ਦੀ ਕੁਆਲਿਟੀ ਚੈਕ ਕਰਦੇ ਰਹਿਣ ਦੇ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ ਸਿਹਤ ਵਿਭਾਗ ਦੀ ਰਿਵਿਊ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਗਰਭਵਤੀ ਮਹਿਲਾਵਾਂ ਦੀ ਰਜਿਸਟਰੇਸ਼ਨ ਨੂੰ ਲੈ ਕੇ ਕਾਫ਼ੀ ਸੁਧਾਰ ਹੋਇਆ ਹੈ। ਇਹ ਰਜਿਸਟਰੇਸ਼ਨ 68 ਫ਼ੀਸਦੀ ਤੋਂ ਵੱਧ ਕੇ 90 ਫ਼ੀਸਦੀ ਤੱਕ ਪਹੁੰਚ ਗਈ ਹੈ। ਇਸ ਨਾਲ ਗਰਭਵਤੀ ਮਹਿਲਾਵਾਂ ਨੂੰ ਮਿਲ ਰਹੀਆਂ ਸੁਵਿਧਾਵਾਂ, ਉਨ੍ਹਾਂ ਤਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਨ੍ਹਾਂ ਟੀਚਿਆਂ ਨੂੰ 100 ਫ਼ੀਸਦੀ ਤਕ ਪੂਰਾ ਕਰਨ ਲਈ ਕਿਹਾ। ਇਸ ਤਰ੍ਹਾਂ ਜਨਨੀ ਸੁਰੱਖਿਆ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਡਲਿਵਰੀ ਕਰਵਾਉਣ ਦੇ ਬਦਲੇ ਮਿਲਣ ਵਾਲੇ ਇੰਸੇਟਿਵ ਦੇ 84 ਫ਼ੀਸਦੀ ਕੇਸਾਂ ਵਿਚ ਰਾਸ਼ੀ ਲਾਭਪਾਤਰੀਆਂ ਤੱਕ ਪਹੁੰਚ ਗਈ ਹੈ, ਜਿਹੜੇ 16 ਫ਼ੀਸਦੀ ਕੇਸਾਂ ਵਿਚ ਰਾਸ਼ੀ ਨਹੀਂ ਪਹੁੰਚੀ ਉੱਥੇ ਆਧਾਰ ਕਾਰਡ ਅਤੇ ਬੈਂਕ ਖਾਤੇ ਆਪਸ ਵਿਚ ਲਿੰਕ ਨਾ ਹੋਣ ਕਾਰਨ ਸਮੱਸਿਆ ਆ ਰਹੀ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸਮੂਹ ਐਸਐਮਓ ਨੂੰ ਜਨਮ ਅਤੇ ਮੌਤ ਸਬੰਧੀ ਪੈਂਡਿੰਗ ਫਾਈਲਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਲਈ ਕਿਹਾ। ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪੀਐਨਡੀਟੀ ਐਕਟ ਤਹਿਤ ਜ਼ਿਲ੍ਹੇ ਵਿਚ 11 ਸਕਰੀਨਿੰਗ ਸੈਂਟਰਾਂ ਦੀ ਜਾਂਚ ਕੀਤੀ ਗਈ ਜਿਸ ਤਹਿਤ 4 ਅਣਅਧਿਕਾਰਤ ਸੈਂਟਰਾਂ ਨੂੰ ਸ਼ੋ-ਕਾਜ ਨੋਟਿਸ ਜਾਰੀ ਕੀਤੇ ਗਏ। ਸਿਵਲ ਸਰਜਨ ਨੇ ਦੱਸਿਆ ਕਿ 2020 ਤੱਕ ਦੇਸ਼ ਨੂੰ ਮਲੇਰੀਆ ਮੁਕਤ ਘੋਸ਼ਿਤ ਕਰਨ ਦਾ ਟਾਰਗੈਟ ਹੈ, ਜਿਸ ਤਹਿਤ ਿਫ਼ਰੋਜ਼ਪੁਰ ਜ਼ਿਲ੍ਹੇ ਵਿਚ ਕਾਫ਼ੀ ਵਧੀਆ ਨਤੀਜੇ ਹਾਸਲ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣਾ ਕੰਮ ਇਮਾਨਦਾਰੀ ਅਤੇ ਤਨਦੇਹੀ ਅਤੇ ਕਿਸੇ ਵੀ ਕੰਮ ਵਿਚ ਅਣਗਹਿਲੀ ਨਾ ਕਰਨ ਦੇ ਸਖ਼ਤ ਆਦੇਸ਼ ਦਿੱਤੇ।

................................

17 ਪ੍ਰਰਾਇਮਰੀ ਹੈਲਥ ਸੈਂਟਰਾਂ ਵਿਚ ਓਟ ਕੇਂਦਰ ਖੋਲ੍ਹਣ ਦਾ ਪ੍ਰਸਤਾਵ

ਨਸ਼ੇ ਖ਼ਿਲਾਫ਼ ਚੱਲ ਰਹੀ ਜੰਗ ਨੂੰ ਹੋਰ ਅੱਗੇ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚ ਚੱਲ ਰਹੇ 17 ਪ੍ਰਰਾਇਮਰੀ ਹੈਲਥ ਸੈਂਟਰਾਂ ਵਿਚ ਓਟ ਸੈਂਟਰ ਚਲਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸੈਂਟਰਾਂ ਦੇ ਖੱੁਲ੍ਹਣ ਨਾਲ ਨਸ਼ੇ ਨਾਲ ਪੀੜਤ ਵਿਅਕਤੀ ਨੂੰ ਘਰ ਦੇ ਨਜ਼ਦੀਕ ਹੀ ਓਟ ਸੈਂਟਰ ਦੀ ਸੁਵਿਧਾਵਾਂ ਮਿਲਣਗੀਆਂ ਅਤੇ ਉਹ ਆਸਾਨੀ ਨਾਲ ਨਸ਼ਾ ਛੱਡਣ ਦੀ ਦਵਾਈ ਹਾਸਲ ਕਰ ਸਕਣਗੇ। ਇਹ ਪ੍ਰਸਤਾਵ ਸਿਹਤ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਉੱਥੋਂ ਅਪਰੂਵਲ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਤੇ ਲਗਾਤਾਰ ਹੈੱਡਕੁਆਟਰ ਨਾਲ ਤਾਲਮੇਲ ਕਰਨ ਲਈ ਕਿਹਾ।