ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੀ ਚੌਂਕੀ ਲੱਖਾ ਸਿੰਘ ਵਾਲਾ ਕੋਲੋਂ ਬੀਐੱਸਐੱਫ ਦੀ 29 ਬਟਾਲੀਅਨ ਨੇ ਇਕ ਭਾਰਤੀ ਸਮੱਗਲਰ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਤਸਕਰ ਦੀ ਪਛਾਣ ਕਸ਼ਮੀਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਬਾਰੇ ਕੇ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰੰਦਿਆਂ ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਰੋਜ਼ ਵਾਂਗ ਸੋਮਵਾਰ ਨੂੰ ਜਦੋਂ ਸਰਹੱਦੀ ਸੁਰੱਖਿਆ ਬਲ ਦੇ ਜਵਾਨ ਸਰਹੱਦ 'ਤੇ ਮੁਸ਼ਤੈਦੀ ਨਾਲ ਡਿਊਟੀ ਦੇ ਰਹੇ ਸਨ ਤਾਂ ਸਰਹੱਦੀ ਚੌਂਕੀ ਲੱਖਾ ਸਿੰਘ ਵਾਲਾ ਇਲਾਕੇ ਵਿਚ ਇਕ ਸ਼ੱਕੀ ਵਿਅਕਤੀ ਘੁੰਮਦਾ ਦਿਖਾਈ ਦਿੱਤਾ।

ਇਸ 'ਤੇ ਜਦੋਂ ਬੀਐੱਸਐੱਫ ਜਵਾਨਾਂ ਵਲੋਂ ਉਕਤ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਹ ਕੁੱਝ ਵੀ ਦੱਸਣ ਤੋਂ ਚੁੱਪ ਵੱਟ ਗਿਆ। ਸਖ਼ਤੀ ਵਰਤਣ 'ਤੇ ਉਕਤ ਵਿਅਕਤੀ ਮੰਨਿਆ ਕਿ ਉਹ ਪਾਕਿਸਤਾਨ ਤੋਂ ਆਈ ਹੈਰੋਇਨ ਲੈਣ ਆਇਆ ਸੀ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਸਰਹੱਦ ਤੋਂ ਦੋ ਪੈਕਟ ਹੈਰੋਇਨ ਬਰਾਮਦ ਹੋਈ।

ਜਦੋਂ ਹੈਰੋਇਨ ਦਾ ਵਜ਼ਨ ਕੀਤਾ ਗਿਆ ਤਾਂ ਦੋਵੇਂ ਪੈਕਟਾਂ ਵਿਚ (1 ਕਿੱਲੋ 690 ਗ੍ਰਾਮ ਹੈਰੋਇਨ) ਪਾਈ ਗਈ ਸਰਹੱਦ ਤੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਕਰੀਬ 8 ਕਰੋੜ ਰੁਪਏ ਹੈ। ਪੁਲਿਸ ਸੂਤਰਾਂ ਮੁਤਾਬਕ ਕਸ਼ਮੀਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਧੰਦਾ ਕਰਦਾ ਆ ਰਿਹਾ ਹੈ। ਸੋਮਵਾਰ ਨੂੰ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਲੈਣ ਲਈ ਸਰਹੱਦ 'ਤੇ ਆਏ ਨੂੰ ਬੀਐਸਐਫ ਨੇ ਗਿ੍ਫਤਾਰ ਕਰ ਲਿਆ।