ਚੰਡੀਗੜ੍ਹ : ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਗਹਿਮਾ-ਗਹਿਮੀ ਸ਼ੁਰੂ ਹੋ ਗਈ ਹੈ ਪ੍ਰੰਤੂ ਪਾਰਟੀ ਟਿਕਟਾਂ 'ਤੇ ਆਪਣਾ ਆਖਰੀ ਫ਼ੈਸਲਾ ਅਪ੍ਰਰੈਲ ਮਹੀਨੇ 'ਚ ਲਵੇਗੀ। ਪੰਜਾਬ 'ਚ ਚੋਣ ਆਖਰੀ ਪੜਾਅ 'ਚ ਹੋਣ ਕਾਰਨ ਹੁਣ ਪਹਿਲਾਂ ਨਿਰਧਾਰਤ 16 ਮਾਰਚ ਦੀ ਸਕਰੀਨਿੰਗ ਕਮੇਟੀ ਦੀ ਬੈਠਕ ਨੂੰ ਟਾਲ਼ ਦਿੱਤਾ ਗਿਆ ਹੈ। ਹੁਣ ਇਹ ਬੈਠਕ 15 ਅਪ੍ਰਰੈਲ ਨੇੜੇ ਹੋਵੇਗੀ। ਸੂਬਾ ਇੰਚਾਰਜ ਆਸ਼ਾ ਕੁਮਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਨਾਮਜ਼ਦਗੀਆਂ 22 ਅਪ੍ਰਰੈਲ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਲਈ ਪਹਿਲੇ ਉਨ੍ਹਾਂ ਰਾਜਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਥੇ ਚੋਣ ਪਹਿਲਾਂ ਹੋਣੀ ਹੈ। ਪੰਜਾਬ ਕਾਂਗਰਸ ਇਸ ਤੋਂ ਪਹਿਲੇ ਇਹ ਅੰਦਾਜ਼ਾ ਲਗਾ ਰਹੀ ਸੀ ਕਿ ਪੰਜਾਬ 'ਚ ਚੋਣ ਪਹਿਲੇ ਪੜਾਅ 'ਚ ਹੋਵੇਗੀ। ਇਸ ਨੂੰ ਲੈ ਕੇ ਕਾਂਗਰਸ ਨੇ ਪੂਰੀ ਤਿਆਰੀ ਵੀ ਕਰ ਲਈ ਸੀ। ਇਥੋਂ ਤਕ ਕਿ 10 ਮਾਰਚ ਨੂੰ ਸਕਰੀਨਿੰਗ ਕਮੇਟੀ ਦੀ ਇਕ ਬੈਠਕ ਵੀ ਹੋ ਚੁੱਕੀ ਹੈ ਜਦਕਿ ਦੂਜੀ ਬੈਠਕ 16 ਮਾਰਚ ਨੂੰ ਨਿਰਧਾਰਤ ਕੀਤੀ ਗਈ ਸੀ। ਪੰਜਾਬ ਕਾਂਗਰਸ ਦਾ ਮੰਨਣਾ ਸੀ ਕਿ ਕਿਉਂਕਿ ਮਈ ਮਹੀਨੇ 'ਚ ਪੰਜਾਬ ਵਿਚ ਕਣਕ ਦੀ ਕਟਾਈ ਜ਼ੋਰਾਂ 'ਤੇ ਹੋਵੇਗੀ। ਇਸ ਲਈ ਚੋਣ ਕਮਿਸ਼ਨ ਪੰਜਾਬ 'ਚ ਪਹਿਲੇ ਪੜਾਅ 'ਚ ਹੀ ਚੋਣ ਕਰਵਾ ਸਕਦਾ ਹੈ। ਹੁਣ ਤਕ ਇਹ ਵੀ ਵੇਖਿਆ ਗਿਆ ਹੈ ਕਿ ਪੰਜਾਬ 'ਚ ਪਹਿਲੇ ਪੜਾਅ 'ਚ ਹੀ ਚੋਣ ਹੁੰਦੇ ਰਹੇ ਹਨ। ਇਸ ਲਈ ਪੰਜਾਬ ਸਰਕਾਰ ਨੇ ਖ਼ੁਦ ਚੋਣ ਕਮਿਸ਼ਨ ਨੂੰ ਇਹ ਸਿਫ਼ਾਰਸ਼ ਕੀਤੀ ਸੀ ਕਿ ਕਣਕ ਦੀ ਕਟਾਈ ਨੂੰ ਵੇਖਦੇ ਹੋਏ ਪੰਜਾਬ ਵਿਚ ਚੋਣ ਅਪ੍ਰਰੈਲ ਮਹੀਨੇ 'ਚ ਕਰਵਾਈ ਜਾਵੇ।

ਦੂਜੇ ਪਾਸੇ ਕਾਂਗਰਸ ਇਹ ਵੀ ਵਿਚਾਰ ਕਰ ਰਹੀ ਹੈ ਕਿ ਜਿਨ੍ਹਾਂ ਸੀਟਾਂ 'ਤੇ ਕੋਈ ਖਿੱਚੋਤਾਣ ਨਹੀਂ ਹੈ ਅਤੇ ਸਥਿਤੀ ਸਪੱਸ਼ਟ ਹੈ ਉਥੋਂ ਦੇ ਉਮੀਦਵਾਰਾਂ ਨੂੰ ਸੰਕੇਤਕ ਰੂਪ ਨਾਲ ਚੋਣ ਦੀ ਤਿਆਰੀ ਕਰਨ ਦੇ ਸੰਕੇਤ ਦੇ ਦਿੱਤੇ ਜਾਣ। ਦੱਸਣਯੋਗ ਹੈ ਕਿ ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਲੋਕ ਸਭਾ ਸੀਟਾਂ 'ਤੇ ਸਥਿਤੀ ਲਗਪਗ ਸਪੱਸ਼ਟ ਮੰਨੀ ਜਾ ਰਹੀ ਹੈ।

ਗੁਰਦਾਸਪੁਰ ਤੋਂ ਸੁਨੀਲ ਜਾਖੜ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਪਟਿਆਲਾ ਤੋਂ ਪਰਨੀਤ ਕੌਰ ਅਤੇ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਦੀ ਤਸਵੀਰ ਸਪੱਸ਼ਟ ਦੱਸੀ ਜਾ ਰਹੀ ਹੈ। ਸੂਬਾ ਇੰਚਾਰਜ ਦਾ ਕਹਿਣਾ ਹੈ ਕਿ ਅਜੇ ਕੋਈ ਵੀ ਨਾਂ ਤੈਅ ਨਹੀਂ ਹੈ ਕਿਉਂਕਿ ਸਕਰੀਨਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ ਪਿੱਛੋਂ ਆਖਰੀ ਫ਼ੈਸਲਾ ਕੇਂਦਰੀ ਚੋਣ ਕਮੇਟੀ ਨੇ ਲੈਣਾ ਹੈ। ਪਾਰਟੀ ਦੀ ਇਹੀ ਰੀਤ ਹੈ। ਜਦੋਂ ਤਕ ਸਕਰੀਨਿੰਗ ਕਮੇਟੀ ਦੀ ਮੋਹਰ ਨਹੀਂਂ ਲੱਗ ਜਾਂਦੀ ਤਦ ਤਕ ਕਿਸੇ ਦੀ ਵੀ ਟਿਕਟ ਫਾਈਨਲ ਨਹੀਂ ਹੋਵੇਗੀ।