ਚੰਡੀਗੜ੍ਹ : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਦੇ ਪ੍ਰਚਾਰ ਲਈ ਫੇਸਬੁੱਕ 'ਤੇ ਬਿਨਾਂ ਪ੍ਰਵਾਨਗੀ ਲਏ ਚਲਾਏ ਜਾ ਰਹੇ ਫੈਂਨਜ ਆਫ਼ ਸੰਨੀ ਦਿਓਲ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਨੋਡਲ ਅਫ਼ਸਰ, ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ, ਗੁਰਦਾਸਪੁਰ ਵੱਲੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਚੋਣ ਖਰਚ 'ਚ 1 ਲੱਖ 74 ਹਜ਼ਾਰ 6 ਸੌ 44 ਰੁਪਏ ਜੋੜਨ ਦੇ ਹੁਕਮ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ 6 ਮਈ, 2019 ਨੂੰ ਭਾਰਤੀ ਚੋਣ ਕਮਿਸ਼ਨ ਕੋਲ ਉਪਰੋਕਤ ਮਾਮਲੇ ਸਬੰਧੀ ਸ਼ਿਕਾਇਤ ਭੇਜੀ ਗਈ ਸੀ। ਜਿਸ ਤੇ ਨੋਡਲ ਅਫ਼ਸਰ, ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ, ਗੁਰਦਾਸਪੁਰ ਰਾਹੀਂ ਜਾਂਚ ਕਰਵਾਈ ਗਈ ਅਤੇ ਜਾਂਚ ਦੌਰਾਨ ਫੈਂਨਜ ਆਫ਼ ਸੰਨੀ ਦਿਓਲ ਦੇ ਐਡਮਿਨ ਅਤੇ ਭਾਜਪਾ ਉਮੀਦਵਾਰ ਨੂੰ ਇਸ ਸਬੰਧੀ ਨੋਟਿਸ ਭੇਜ ਕੇ ਸਪਸ਼ਟੀਕਰਨ ਮੰਗਿਆ, ਪਰ ਮਿੱਥੇ ਸਮੇਂ ਤੱਕ ਐਡਮਿਨ ਅਤੇ ਭਾਜਪਾ ਉਮੀਦਵਾਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ `ਤੇ ਸ਼ਿਕਾਇਤ ਨੂੰ ਦਰੁਸਤ ਮੰਨਦਿਆਂ ਭਾਜਪਾ ਉਮੀਦਵਾਰ ਦੇ ਚੋਣ ਖਰਚਿਆਂ ਵਿੱਚ 1 ਲੱਖ 74 ਹਜ਼ਾਰ 6 ਸੌ 44 ਰੁਪਏ ਜੋੜਨ ਦਾ ਫੈਸਲਾ ਕੀਤਾ ਗਿਆ ਹੈ।

Posted By: Amita Verma