ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਠੱਲ੍ਹ•ਪਾਉਣ ਅਤੇ ਵਾਹਨ ਚਾਲਕਾਂ ਦਰਮਿਆਨ ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਨੇ ਈ-ਚਲਾਨ ਮਸ਼ੀਨਾਂ ਖਰੀਦਣ ਦਾ ਫ਼ੈਸਲਾ ਕੀਤਾ ਹੈ ਜੋ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਮੌਕੇ 'ਤੇ ਚਲਾਨ ਕਰਨ ਲਈ ਟਰੈਫਿਕ ਪੁਲਿਸ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਪੰਜਾਬ ਭਵਨ ਵਿਖੇ ਪੰਜਾਬ ਸੜਕ ਸੁਰੱਖਿਆ ਕੌਂਸਲ ਦੀ 6ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜਲਦ ਹੀ ਰੋਡ ਸੇਫਟੀ ਸਕੱਤਰੇਤ ਦੀ ਸਥਾਪਨਾ ਕੀਤੀ ਜਾਵੇਗੀ ਜਿਸਦਾ ਪ੍ਰਬੰਧ ਸੜਕ ਸੁਰੱਖਿਆ ਮਾਹਰ ਕਰਨਗੇ।

ਬੇਗ਼ਮ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਹ ਈ-ਚਲਾਨ ਮਸ਼ੀਨਾਂ ਵਾਇਰਲੈਸ, ਬਲੂਟੁੱਥ, ਸਟੇਸ਼ਨਰੀ ਅਤੇ ਪਿ੍ਰੰਟਰ ਦੇ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ। ਪੰਜਾਬ 'ਚ ਵਧੇਰੇ ਦੁਰਘਟਨਾਵਾਂ ਵਾਲੀਆਂ 200 ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਵਿਭਾਗ ਵਲੋਂ 20 ਲੱਖ ਤੋਂ 30 ਲੱਖ ਰੁਪਏ ਹਰ ਥਾਂ 'ਤੇ ਖਰਚ ਕਰਕੇ ਪੜਾਅਵਾਰ ਢੰਗ ਨਾਲ ਇਨ੍ਹਾਂ ਥਾਵਾਂ ਦਾ ਸੁਧਾਰ ਕੀਤਾ ਜਾਵੇਗਾ। ਮੁੱਖ ਮਾਰਗ ਨਾਲ ਮਿਲਣ ਵਾਲੀਆਂ ਵੱਖ-ਵੱਖ ਸਾਈਡ ਸੜਕਾਂ ਦੇ ਗੁੰਝਲਦਾਰ ਐਂਟਰੀ ਪੁਆਇੰਟਾਂ ਅਤੇ ਜੋੜਾਂ ਵਿਚ ਸੋਧ ਕਰਨ ਤੋਂ ਇਲਾਵਾ ਸੜਕਾਂ 'ਤੇ ਰੋਕਾਂ ਅਤੇ ਲੋਹੋ ਦੇ ਐਂਗਲ ਲਗਾਏ ਜਾਣਗੇ।

ਉਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਕਿ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਤੋਂ ਓਵਰਲੋਡਿਡ ਵਾਹਨਾਂ ਦੇ ਆਉਣ-ਜਾਣ ਨੂੰ ਰੋਕਣ ਲਈ ਭਾਰ ਤੋਲਣ ਵਾਲੀਆਂ ਮਸ਼ੀਨਾਂ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ।

ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ ਨੇ ਮੰਤਰੀ ਨੂੰ ਦੱਸਿਆ ਕਿ ਖੂਨ ਵਿਚ ਅਲਕੋਹਲ ਦੇ ਪੱਧਰ ਦੀ ਜਾਂਚ ਕਰਨ ਲਈ 195 ਸਾਹ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਖਰੀਦੀਆਂ ਗਈਆਂ। ਇਸੇ ਤਰ੍ਹਾਂ 56 ਸਪੀਡ ਗੰਨਾਂ ਖਰੀਦਣ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।