ਜੈ ਸਿੰਘ ਛਿੱਬਰ, ਚੰਡੀਗੜ੍ਹ : ਪਿੰਡ ਭਗਵਾਨਪੁਰ ਦੇ ਦੋ ਸਾਲਾ ਮਾਸੂਮ ਫਤਹਿਵੀਰ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਖੁੱਲ੍ਹੇ ਪਏ ਸਾਰੇ ਬੋਰਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਕੱਲ੍ਹ ਸੋਮਵਾਰ ਨੂੰ ਵੀ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਤੋਂ ਬੋਰਾਂ ਬਾਰੇ 24 ਘੰਟੇ ਵਿਚ ਰਿਪੋਰਟ ਮੰਗੀ ਸੀ। ਦੂਜੇ ਪਾਸੇ ਸਿਆਸੀ ਪਾਰਟੀਆਂ ਨੇ ਛੇ ਦਿਨ ਬਾਅਦ ਵੀ ਬੱਚੇ ਨੂੰ ਜਿਊੰਦਾ ਨਾ ਕੱਢੇ ਜਾਣ 'ਤੇ ਸਰਕਾਰ ਦੀ ਨਾਕਾਮੀ ਦੱਸਿਆ ਹੈ।

ਪਰ ਸਵਾਲ ਪੈਦਾ ਹੁੰਦਾ ਹੈ ਕਿ ਘਟਨਾਵਾਂ ਵਾਪਰਨ ਤੋਂ ਬਾਅਦ ਹੀ ਸਰਕਾਰਾਂ ਦੀ ਨੀਂਦ ਕਿਉਂ ਖੁੱਲ੍ਹਦੀ ਹੈ। ਮੁੱਖ ਮੰਤਰੀ ਨੇ ਫਤਹਿਵੀਰ ਦੀ ਮੌਤ ਤੋਂ ਬਾਅਦ ਟਵੀਟ ਕਰਕੇ ਜਿਥੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਥੇ ਲੋਕਾਂ 'ਚ ਸਰਕਾਰ ਪ੍ਰਤੀ ਫੈਲ ਰਹੇ ਰੋਸ ਨੂੰ ਦੇਖਦੇ ਹੋਏ ਸਰਕਾਰ ਦਾ ਪੱਖ਼ ਪੇਸ਼ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 6 ਜੂਨ ਨੂੰ ਸ਼ਾਮੀ ਸਵਾ ਚਾਰ ਵਜੇ ਬੱਚੇ ਦੇ 125 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਣ ਬਾਰੇ ਜਾਣਕਾਰੀ ਮਿਲਣ ਤੋਂ ਕੁੱਝ ਮਿੰਟਾਂ ਅੰਦਰ ਹੀ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿਚ ਆਇਆ ਸੀ। ਐਨ.ਡੀ.ਆਰ.ਐਫ. ਬਚਾਅ ਕਾਰਜਾਂ ਵਿੱਚ ਜੁਟ ਗਈ ਅਤੇ ਪਟਿਆਲਾ, ਸੰਗਰੂਰ ਅਤੇ ਚੰਡੀਮੰਦਰ ਕਮਾਂਡ ਦੀਆਂ ਫੌਜ ਦੀਆਂ ਅਥਾਰਟੀਆਂ ਨੂੰ ਉਸ ਸਮੇਂ ਸੂਚਿਤ ਕਰ ਦਿੱਤਾ ਗਿਆ।

ਫਤਹਿਵੀਰ ਸਿੰਘ ਦੀ ਮੌਤ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਆਪਣੇ ਟਵੀਟ ਵਿਚ ਕਿਹਾ, '' ਫਤਹਿਵੀਰ ਸਿੰਘ ਦੀ ਦੁਖਦਾਈ ਮੌਤ ਨਾਲ ਮਨ ਬਹੁਤ ਉਦਾਸ ਹੋਇਆ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਭਾਰੀ ਘਾਟੇ ਨੂੰ ਸਹਿਣ ਕਰਨ ਲਈ ਪ੍ਰਮਾਤਮਾਂ ਉਸਦੇ ਪਰਿਵਾਰ ਨੂੰ ਬਲ ਬਖਸ਼ੇ। ਖੁਲ੍ਹੇ ਬੋਰਾਂ ਦੇ ਸਬੰਧ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟਾਂ ਮੰਗੀਆਂ ਗਈ ਤਾਂ ਜੋ ਭਵਿੱਖ ਵਿਚ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਅੱਗੇ ਲਿਖਿਆ ਹੈ, '' ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਵੀ ਖੁਲ੍ਹਾਂ ਬੋਰ ਨਾ ਹੋਣ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ 24 ਘੰਟਿਆਂ ਵਿੱਚ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਆਖਿਆ ਗਿਆ ਹੈ।

ਮੁੱਖ ਮੰਤਰੀ ਨੇ ਮੁੱਖ ਸਕੱਤਰ ਦੀ ਅਗਵਾਈ ਵਾਲੇ ਆਫਤ ਪ੍ਰਬੰਧਨ ਗਰੁੱਪ ਨੂੰ ਅਜਿਹਿਆਂ ਘਟਨਾਵਾਂ ਤੋਂ ਬਚਣ ਅਤੇ ਰੋਕਣ ਲਈ ਐਸ.ਪੀ.ਓਜ (ਸਟੈਂਡਰਡ ਆਪਰੇਟਿੰਗ ਪ੍ਰਾਸੀਜ਼ਰ) ਨੂੰ ਅੰਤਿਮ ਰੂਪ ਦੇਣ ਲਈ ਅਖਿਆ ਹੈ। ਇਸ ਗਰੁੱਪ ਵਿਚ ਹੋਰਨਾਂ ਮੈਂਬਰਾਂ ਵਿਚ ਪ੍ਰਿੰਸੀਪਲ ਸਕੱਤਰ ਵਿੱਤ (ਪੀ.ਐਸ.ਐਫ), ਵਿੱਤ ਕਮਿਸ਼ਨਰ ਦੇਹਾਤੀ ਵਿਕਾਸ ਅਤੇ ਪੰਚਾਇਤ (ਐਫ.ਸੀ.ਆਰ.ਡੀ.ਪੀ) ਅਤੇ ਵਿੱਤ ਕਮਿਸ਼ਨਰ ਵਿਕਾਸ( ਐਫ.ਸੀ.ਡੀ) ਸ਼ਾਮਲ ਹਨ।

ਮੁੱਖ ਮੰਤਰੀ ਵੱਲੋਂ ਹੁਣ ਤੱਕ ਹਾਸਲ ਕੀਤੀਆਂ ਰਿਪੋਰਟਾਂ ਦੇ ਆਧਾਰ 'ਤੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਿਪੋਰਟ ਮੁਤਾਬਕ ਐਨ.ਡੀ.ਆਰ.ਐਫ. ਦੇ ਜਵਾਨਾਂ ਨੇ ਪਹੁੰਚਣ ਦੇ 10 ਘੰਟਿਆਂ ਦੇ ਅੰਦਰ ਹੀ ਬੱਚੇ ਦੇ ਦੋਵਾਂ ਗੁੱਟਾਂ ਦੁਆਲੇ ਰੱਸੀ ਬੰਨ੍ਹ ਲਈ ਸੀ ਪਰ ਪਾਈਪ ਦਾ ਤੰਗ ਘੇਰਾ ਬੱਚੇ ਦੇ ਫਸਣ ਦਾ ਕਾਰਨ ਬਣ ਗਿਆ ਜਿਸ ਕਰਕੇ ਮਜ਼ਬੂਰਨ ਉਨ੍ਹਾਂ ਨੂੰ ਆਪਣਾ ਇਹ ਤਰੀਕਾ ਤਿਆਗਣਾ ਪਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸੰਭਵ ਤਕਨੀਕੀ ਸਹਿਯੋਗ ਮੁਹੱਈਆ ਕਰਵਾਇਆ ਗਿਆ ਪਰ ਕਿਸੇ ਵੀ ਢਿੱਗ ਨੂੰ ਡਿੱਗਣ ਤੋਂ ਰੋਕਣ ਲਈ ਸਮਾਨਾਂਤਰ ਮਿੱਟੀ ਪੁੱਟਣ ਅਤੇ ਉਸ ਦੇ ਬਰਾਬਰ ਪਾਈਪਾਂ ਪਾਉਣ ਵਿੱਚ 46 ਘੰਟਿਆਂ ਦਾ ਸਮਾਂ ਲੱਗਾ।

ਇਸੇ ਦੌਰਾਨ ਜਿੱਥੇ ਪਾਈਪ ਪਾਈ ਜਾ ਰਹੀ ਸੀ, ਉੱਥੇ ਦਿਸ਼ਾ ਦੀ ਸਮੱਸਿਆ ਹੋਣ ਕਾਰਨ ਕਾਰਵਾਈ ਵਿਚ ਵਿਘਨ ਪਿਆ ਜਿਸ ਕਰਕੇ ਕੁੱਝ ਸਮਤਲ ਪਟਾਈ ਕਰਨ ਦੀ ਵੀ ਲੋੜ ਪੈਦਾ ਹੋਈ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਦੇ ਅਧਿਕਾਰੀਆਂ ਜੋ ਪੂਰੇ ਓਪਰੇਸ਼ਨ ਦੌਰਾਨ ਫੌਜ ਨਾਲ ਲਗਾਤਾਰ ਸੰਪਰਕ ਵਿੱਚ ਸਨ, ਦੇ ਮੁਤਾਬਿਕ ਬੱਚੇ ਨੂੰ ਕੱਢਣ ਦੀ ਪ੍ਰਕਿਰਿਆ ਦੌਰਾਨ ਉਸ ਨੂੰ ਸਰੀਰਕ ਤੌਰ 'ਤੇ ਕੋਈ ਹਾਨੀ ਨਹੀਂ ਪਹੁੰਚੀ। ਇਹ ਪ੍ਰਕਿਰਿਆ ਹੱਥੀਂ ਕੀਤੀ ਗਈ ਕਿਉਂਕਿ ਮਸ਼ੀਨਰੀ ਦੀ ਵਰਤੋਂ ਨਾਲ ਬੱਚੇ ਦਾ ਨੁਕਸਾਨ ਹੋਣ ਦੀ ਸੰਭਾਵਨਾ ਸੀ ਕਿਉਂਜੋ ਅਜਿਹੀ ਮਸ਼ੀਨਰੀ ਲਈ ਖਾਸਤੌਰ 'ਤੇ ਪਾਣੀ ਦੀ ਲੋੜ ਹੁੰਦੀ ਹੈ।

Posted By: Jagjit Singh