ਚੰਡੀਗੜ੍ਹ : ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ਼ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦਾ ਬਿਗਲ ਵੱਜਣ 'ਤੇ ਜਿਥੇ ਸਿਆਸੀ ਪਾਰਟੀਆਂ ਵੱਲੋਂ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਜੋੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਹੀ ਆਪ ਦੇ ਆਗੂ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। 'ਆਪ' ਪੰਜਾਬ ਦੇ ਬੁਲਾਰੇ ਸਤਬੀਰ ਸਿੰਘ ਵਾਲੀਆ, ਐੱਨਐੱਸ ਧਾਲੀਵਾਲ ਜਨਰਲ ਸਕੱਤਰ ਤੇ ਮੈਂਬਰ ਪ੍ਰਚਾਰ ਕਮੇਟੀ ਚੰਡੀਗੜ੍ਹ, ਸਤੀਸ਼ ਮਾਚਲ, ਕਾਲਾਨਾ ਦਾਸ ਸੰਗਠਨ ਸਕੱਤਰ ਤੇ ਕਾਰਜਕਾਰਨੀ ਮੈਂਬਰ ਰੋਜਲੀਨ ਕੌਰ ਨੇ ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਆਪ ਮੁਖੀ ਅਰਵਿੰਦ ਕੇਜਰੀਵਾਲ ਨੂੰ ਭੇਜੇ ਅਸਤੀਫ਼ੇ ਵਿਚ ਪਾਰਟੀ ਆਗੂਆਂ ਨੇ ਕਿਹਾ ਕਿ ਉਹ 2014 ਤੋਂ ਵਲੰਟੀਅਰਾਂ ਵਜੋਂ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੇ ਪਾਰਟੀ ਲਈ ਵੱਖ-ਵੱਖ ਪਲੇਟਫਾਰਮ 'ਤੇ ਕੰਮ ਕੀਤਾ ਪਰ ਹੁਣ ਆਪਣੇ ਹੀ ਸੰਵਿਧਾਨ ਤੋਂ ਪਾਰਟੀ ਭਟਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਪ ਵੱਲੋਂ ਅਕਾਲੀ ਦਲ ਟਕਸਾਲੀ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਰੋਸ ਤਹਿਤ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।