ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਦਿੱਲੀ ਦੇ ਤੁਗਲਕਾਬਾਦ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਦਿੱਲੀ ਵਿਕਾਸ ਅਥਾਰਿਟੀ ਵੱਲੋਂ ਢਹਿ-ਢੇਰੀ ਕਰਨ ਤੋਂ ਬਾਅਦ ਪੰਜਾਬ ਦੀਆਂ ਸਿਆਸੀ ਪਾਰਟੀਆਂ 'ਚ ਦਲਿਤਾਂ ਪ੍ਰਤੀ ਮੋਹ ਜਾਗ ਪਿਆ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨਾਲ ਉੱਚ-ਪੱਧਰੀ ਵਫ਼ਦ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕਰ ਕੇ ਮੰਦਰ ਦੀ ਮੁੜ ਉਸਾਰੀ ਕਰਵਾਉਣ ਦੀ ਮੰਗ ਕੀਤੀ ਹੈ।

ਵਫ਼ਦ 'ਚ ਆਪ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਤੁਗਲਕਾਬਾਦ ਦੀ ਮੰਦਰ ਕਮੇਟੀ ਦਾ ਪੰਜ ਮੈਂਬਰੀ ਵਫਦ, ਸਾਬਕਾ ਅਕਾਲੀ ਸੰਸਦ ਮੈਂਬਰ ਚਰਨਜੀਤ ਸਿੰਘ ਅਟਵਾਲ, ਸਾਬਕਾ ਆਈਏਐੱਸ ਅਧਿਕਾਰੀ ਐੱਸਆਰ ਲੱਧੜ, ਲੋਕ ਜਨਸ਼ਕਤੀ ਕਿਰਨਜੀਤ ਸਿੰਘ ਗਹਿਰੀ ਆਦਿ ਨੁਮਾਇੰਦੇ ਸ਼ਾਮਲ ਸਨ।

ਚੀਮਾ ਨੇ ਕਿਹਾ ਕਿ 'ਆਪ' ਇਸ ਤਰ੍ਹਾਂ ਦੇ ਧਾਰਮਿਕ, ਭਾਵਨਾਤਮਕ ਅਤੇ ਸਮਾਜਿਕ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਸੰਵੇਦਨਸ਼ੀਲ ਮੁੱਦਿਆਂ 'ਤੇ ਸਿਆਸਤ ਨਹੀਂ ਕਰਦੀ। ਉਨ੍ਹਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕ ਸਾਂਝੇ ਵਫ਼ਦ ਦੇ ਮੈਂਬਰ ਵਜੋਂ ਹਰਦੀਪ ਸਿੰਘ ਪੁਰੀ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਦੱਸਦੇ ਹੋਏ ਮੰਦਰ ਦੀ ਮੁੜ ਉਸਾਰੀ ਅਤੇ ਮੰਦਰ ਦੀ ਬਾਕੀ ਜ਼ਮੀਨ 'ਤੇ ਸ੍ਰੀ ਗੁਰੂ ਰਵਿਦਾਸ ਰਿਸਰਚ ਸੈਂਟਰ ਦੀ ਸਥਾਪਨਾ ਕਰਨ ਦੀ ਮੰਗ ਕੀਤੀ। ਚੀਮਾ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਡੀਡੀਏ ਵੱਲੋਂ ਢਾਹੇ ਜਾਣ ਲਈ ਭਾਜਪਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ।

ਚੀਮਾ ਨੇ ਕਿਹਾ ਕਿ ਡੀਡੀਏ ਅਤੇ ਪੁਲਿਸ ਦਿੱਲੀ ਦੇ ਉਪ ਰਾਜਪਾਲ ਰਾਹੀਂ ਸਿੱਧੇ ਕੇਂਦਰ ਸਰਕਾਰ ਦੇ ਕੰਟਰੋਲ 'ਚ ਹਨ। ਅਕਾਲੀ ਦਲ ਅਤੇ ਭਾਜਪਾ ਆਪਣੀ ਦਲਿਤ ਵਿਰੋਧੀ ਕਾਰਵਾਈ ਲੁਕਾਉਣ ਲਈ ਕੇਜਰੀਵਾਲ ਦਾ ਨਾਂ ਬਿਨਾਂ ਕਿਸੇ ਕਾਰਨ ਉਛਾਲ ਰਹੇ ਹਨ, ਅਜਿਹੀ ਹਲਕੀ ਸਿਆਸਤ ਅਕਾਲੀਆਂ ਅਤੇ ਭਾਜਪਾ ਨੂੰ ਮਹਿੰਗੀ ਪਵੇਗੀ ਕਿਉਂਕਿ ਝੂਠੀ ਅਤੇ ਬੇ-ਬੁਨਿਆਦੀ ਬਿਆਨਬਾਜ਼ੀ ਜ਼ਿਆਦਾ ਨਹੀਂ ਟਿਕਦੀ। ਚੀਮਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸੋਚ ਸਮਝ ਕੇ ਬੋਲਣ ਦੀ ਸਲਾਹ ਦਿੰਦਿਆਂ ਕਿਹਾ ਕਿ ਮੰਦਰ ਢਾਹੇ ਜਾਣ ਵਾਲੇ ਮਾਮਲੇ 'ਚ ਕੇਜਰੀਵਾਲ ਸਰਕਾਰ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਨ।