ਚੰਡੀਗੜ੍ਹ : ਸਾਬਕਾ ਵਿੱਤ ਮੰਤਰੀ ਅਤੇ ਮਰਹੁਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੀ ਧਰਮਪਤਨੀ ਸਰਬਜੀਤ ਕੌਰ ਅਤੇ ਬੇਟੀ ਮਨਪ੍ਰੀਤ ਕੌਰ ਡੌਲੀ ਸਮੇਤ ਸਮੁੱਚਾ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ।

ਪੰਚਕੂਲਾ ਵਿਖੇ ਸਾਬਕਾ ਅਕਾਲੀ ਆਗੂ ਦੀ ਰਿਹਾਇਸ਼ ਉੱਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੁੱਚੇ ਪਰਿਵਾਰ ਦਾ ਪਾਰਟੀ ਵਿਚ ਮੁੜ ਸਵਾਗਤ ਕਰਦਿਆਂ ਕਿਹਾ ਕਿ ਸਵਰਗੀ ਕੈਪਟਨ ਕੰਵਲਜੀਤ ਸਿੰਘ ਅਕਾਲੀ ਦਲ ਦੇ ਥੰਮ੍ਹ ਸਨ। ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਮੈਂ ਪਾਰਟੀ ਅੰਦਰ 'ਜੀ ਆਇਆਂ ਨੂੰ' ਕਹਿੰਦਾ ਹਾਂ। ਉਹਨਾਂ ਕਿਹਾ ਕਿ ਸਵਰਗੀ ਆਗੂ ਦੇ ਪਰਿਵਾਰ ਦੇ ਦੁਬਾਰਾ ਪਾਰਟੀ ਵਿਚ ਆਉਣ ਨਾਲ ਅਕਾਲੀ ਦਲ ਨੂੰ ਕਾਫੀ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਹੁਣ ਡੇਰਾ ਬੱਸੀ ਹਲਕੇ ਵਿਚ ਅਕਾਲੀ ਦਲ ਬਹੁਤ ਜ਼ਿਆਦਾ ਮਜ਼ਬੂਤ ਹੋ ਗਿਆ ਹੈ ਅਤੇ ਆਉਣ ਲਈ 19 ਮਈ ਨੂੰ ਇਸ ਹਲਕੇ ਵਿਚੋਂ ਅਕਾਲੀ ਉਮੀਦਵਾਰ ਕਾਂਗਰਸੀ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਏਗਾ।

ਇਸ ਮੌਕੇ ਉੱਪਰ ਸੰਬੋਧਨ ਕਰਦਿਆਂ ਮਨਪ੍ਰੀਤ ਕੌਰ ਡੌਲੀ ਨੇ ਕਿਹਾ ਕਿ ਦੁਬਾਰਾ ਅਕਾਲੀ ਦਲ ਵਿਚ ਆਉਣਾ ਉਹਨਾਂ ਨੂੰ ਘਰ ਵਾਪਸੀ ਵਾਂਗ ਲੱਗ ਰਿਹਾ ਹੈ। ਉਹਨਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਲਈ ਵੱਡੇ ਭਰਾ ਵਾਂਗ ਹਨ ਅਤੇ ਉਹਨਾਂ ਨੂੰ ਇੰਝ ਜਾਪ ਰਿਹਾ ਹੈ ਕਿ ਜਿਵੇਂ ਪਰਿਵਾਰ ਦੁਬਾਰਾ ਤੋਂ ਇਕੱਠਾ ਹੋ ਗਿਆ ਹੋਵੇ। ਅਕਾਲੀ-ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਲਈ ਚੋਣ ਪ੍ਰਚਾਰ ਕਰਨ ਸੰਬੰਧੀ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਅੱਜ ਤੋਂ ਚੋਣ ਪ੍ਰਚਾਰ ਵਾਸਤੇ ਨਿਕਲ ਜਾਣਾ ਹੈ ਅਤੇ ਪਟਿਆਲਾ ਸੀਟ ਤੋਂ ਸਰਦਾਰ ਰੱਖੜਾ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣਾ ਹੈ।

ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਦੇ ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਅਤੇ ਦੇਵਿੰਦਰ ਸਿੰਘ ਢਿੱਲੋਂ ਸਮੇਤ ਦਰਜਨ ਦੇ ਕਰੀਬ ਹੋਰ ਸਮਰਥਕ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ।

Posted By: Jagjit Singh