ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋਰ ਯਾਦਗਾਰੀ ਬਣਾਉਣ ਅਤੇ ਸਿਹਤਮੰਦ ਪੰਜਾਬ ਸਿਰਜਣ ਦੇ ਉਦੇਸ਼ ਨਾਲ ਖੇਡ ਵਿਭਾਗ ਵੱਲੋਂ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਵੀਰਵਾਰ ਨੂੰ ਇੱਥੇ ਖੇਡ ਕੈਲੰਡਰ ਜਾਰੀ ਕੀਤਾ ਗਿਆ।

ਰਾਣਾ ਸੋਢੀ ਨੇ ਦੱਸਿਆ ਕਿ ਉਲੀਕੇ ਖੇਡ ਪ੍ਰੋਗਰਾਮ ਵਿਚ ਹਰ ਖੇਡ ਦੀਆਂ ਜ਼ਿਲ੍ਹਾ ਪੱਧਰ ਤੋਂ ਲੈ ਕੇ ਸੂਬਾ ਪੱਧਰ ਤਕ ਖੇਡਾਂ, ਸਾਈਕਲ ਰੈਲੀ ਤੇ ਕੌਮਾਂਤਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਮੁਕਾਬਲਿਆਂ ਦੀ ਸ਼ੁਰੂਆਤ 20 ਜੁਲਾਈ ਤੋਂ ਸਾਰੇ ਜ਼ਿਲ੍ਹਿਆਂ 'ਚ ਮੁੰਡਿਆਂ ਤੇ ਕੁੜੀਆਂ ਦੀਆਂ ਅੰਡਰ-14 ਜ਼ਿਲ੍ਹਾ ਖੇਡਾਂ ਤੋਂ ਹੋ ਜਾਵੇਗੀ ਜਿਹੜੀਆਂ 30 ਜੁਲਾਈ ਤਕ ਚੱਲਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਦਾ ਸਿਖਰ 17 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤਕ ਸਾਈਕਲ ਰੈਲੀ ਅਤੇ ਇਸ ਤੋਂ ਬਾਅਦ ਸਰਕਲ ਸਟਾਈਲ ਕਬੱਡੀ ਦੇ ਕੌਮਾਂਤਰੀ ਕਬੱਡੀ ਕੱਪ ਨਾਲ ਹੋਵੇਗਾ।

ਖੇਡ ਮੰਤਰੀ ਨੇ ਖੇਡ ਕੈਲੰਡਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਤੋਂ 20 ਅਗਸਤ ਤਕ ਸਾਰੇ ਜ਼ਿਲ੍ਹਿਆਂ ਵਿਚ ਅੰਡਰ-18 ਜ਼ਿਲ੍ਹਾ ਖੇਡਾਂ, 11 ਤੋਂ 20 ਅਗਸਤ ਤਕ ਸਾਰਿਆਂ ਜ਼ਿਲ੍ਹਿਆਂ ਵਿਚ ਅੰਡਰ-25 ਜ਼ਿਲ੍ਹਾ ਖੇਡਾਂ, 21 ਤੋਂ 23 ਅਗਸਤ ਤਕ ਲੁਧਿਆਣਾ ਵਿਖੇ ਅੰਡਰ 14 ਪੰਜਾਬ ਰਾਜ ਖੇਡਾਂ (ਮੁੰਡੇ), 2 ਤੋਂ 4 ਸਤੰਬਰ ਤਕ ਰੂਪਨਗਰ ਵਿਖੇ ਅੰਡਰ-14 ਪੰਜਾਬ ਰਾਜ ਖੇਡਾਂ (ਕੁੜੀਆਂ), 11 ਤੋਂ 13 ਸਤੰਬਰ ਤਕ ਫਿਰੋਜ਼ਪੁਰ ਵਿਖੇ ਅੰਡਰ-18 ਪੰਜਾਬ ਰਾਜ ਖੇਡਾਂ (ਮੰਡੇ), 12 ਤੋਂ 16 ਅਕਤੂਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਅੰਡਰ 14, 17 ਤੇ 25 ਵਰਗ ਦੀ ਰਾਜ ਪੱਧਰੀ ਕਬੱਡੀ ਚੈਂਪੀਅਨਸ਼ਿਪ (ਮੁੰਡੇ), 19 ਤੋਂ 23 ਅਕਤੂਬਰ ਤਕ ਤਰਨਤਾਰਨ ਵਿਖੇ ਅੰਡਰ 14, 17 ਤੇ 25 ਵਰਗ ਦੀ ਰਾਜ ਪੱਧਰੀ ਕਬੱਡੀ ਚੈਂਪੀਅਨਸ਼ਿਪ (ਕੁੜੀਆਂ), 6 ਤੋਂ 8 ਨਵੰਬਰ ਤਕ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਡਰ-18 ਪੰਜਾਬ ਰਾਜ ਖੇਡਾਂ (ਕੁੜੀਆਂ), 21 ਤੋਂ 23 ਨਵੰਬਰ ਤਕ ਪਟਿਆਲਾ ਵਿਖੇ ਅੰਡਰ-25 ਪੰਜਾਬ ਰਾਜ ਖੇਡਾਂ (ਮੰਡੇ), 28 ਤੋਂ 30 ਨਵੰਬਰ ਤਕ ਮਾਨਸਾ ਵਿਖੇ ਅੰਡਰ-25 ਪੰਜਾਬ ਰਾਜ ਖੇਡਾਂ (ਕੁੜੀਆਂ) ਕਰਵਾਈਆਂ ਜਾਣਗੀਆਂ।

ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਜਲਿ੍ਹਆਂਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਵਾਲੀਬਾਲ ਦਾ ਫੈੱਡਰੇਸ਼ਨ ਗੋਲਡ ਕੱਪ ਵੀ 27 ਸਤੰਬਰ ਤੋਂ 3 ਅਕਤੂਬਰ ਤਕ ਅੰਮਿ੍ਤਸਰ ਵਿਖੇ ਕਰਵਾਇਆ ਜਾਵੇਗਾ।