ਚੰਡੀਗੜ੍ਹ : ਸੂਬੇ ਦੇ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀਏ), ਛੇਵੇਂ ਤਨਖ਼ਾਹ ਕਮਿਸ਼ਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਅਕਾਲੀ ਦਲ ਬਾਦਲ ਵੱਲੋਂ ਸੰਘਰਸ਼ ਸ਼ੁਰੂ ਕਰਨ ਦੇ ਐਲਾਨ ਨੂੰ ਆਮ ਆਦਮੀ ਪਾਰਟੀ ਨੇ ਧੋਖਾ ਕਰਾਰ ਦਿੱਤਾ ਹੈ। ਆਪ ਦੇ ਵਿਧਾਇਕ ਤੇ ਕੋਰ ਕਮੇਟੀ ਦੇ ਚੇਅਰਮੈਨ ਪਿ੍ੰਸੀਪਲ ਬੁੱਧ ਰਾਮ ਨੇ ਕਿਹਾ ਕਿ ਲਗਾਤਾਰ 10 ਸਾਲ ਪੰਜਾਬ ਦੀ ਸੱਤਾ ਭੋਗਣ ਵਾਲੇ ਅਕਾਲੀ ਦਲ ਬਾਦਲ ਨੂੰ ਅੱਜ ਮੁਲਾਜ਼ਮਾਂ ਅਤੇ ਕੱਚੇ ਮੁਲਾਜ਼ਮਾਂ ਦੀ ਯਾਦ ਕਿਵੇਂ ਆ ਗਈ। ਪਿ੍ੰਸੀਪਲ ਬੁੱਧ ਰਾਮ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਅਤੇ ਤੱਤਕਾਲੀ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸਮੇਤ ਅਕਾਲੀ-ਭਾਜਪਾ ਦੇ ਕਿਸੇ ਵੀ ਆਗੂ ਨੂੰ ਮੁਲਾਜ਼ਮਾਂ, ਕੱਚੇ-ਠੇਕਾ ਭਰਤੀ ਮੁਲਾਜ਼ਮਾਂ ਸਮੇਤ ਬੇਰੁਜ਼ਗਾਰਾਂ ਬਾਰੇ ਕੁਝ ਵੀ ਕਹਿਣ ਦਾ ਨੈਤਿਕ ਹੱਕ ਨਹੀਂ ਹੈ। ਜੋ ਕੁਝ ਬਾਦਲਾਂ ਦੇ 10 ਸਾਲਾਂ ਦੇ ਰਾਜ ਦੌਰਾਨ ਮੁਲਾਜ਼ਮਾਂ, ਕੱਚੇ ਮੁਲਾਜ਼ਮਾਂ, ਅਧਿਆਪਕਾਂ ਅਤੇ ਬੇਰੁਜ਼ਗਾਰਾਂ ਨਾਲ ਹੋਇਆ ਹੈ, ਉਸ ਨੂੰ ਪੰਜਾਬ ਦੇ ਲੋਕ ਨਹੀਂ ਭੁੱਲੇ ਹਨ।

ਪਿ੍ੰਸੀਪਲ ਬੁੱਧ ਰਾਮ ਨੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਮੁਲਾਜ਼ਮਾਂ ਦੀ ਲੜਾਈ ਲੜਨ ਦੇ ਐਲਾਨ 'ਤੇ ਤੰਜ ਕੱਸਦਿਆਂ ਕਿਹਾ ਕਿ 'ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ'। ਪਿ੍ੰਸੀਪਲ ਬੁੱਧ ਰਾਮ ਨੇ ਕਿਹਾ ਕਿ 1 ਜੁਲਾਈ 2015 ਤੋਂ ਲੈ ਕੇ 31 ਦਸੰਬਰ 2016 ਤਕ ਡੀਏ ਦਾ 19 ਫ਼ੀਸਦੀ ਬਕਾਇਆ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦਾ ਖੜ੍ਹਾ ਹੈ, ਜਦੋਂ ਪਰਮਿੰਦਰ ਸਿੰਘ ਢੀਂਡਸਾ ਖ਼ੁਦ ਵਿੱਤ ਮੰਤਰੀ ਸਨ।

ਉਨ੍ਹਾਂ ਬਾਦਲਾਂ ਅਤੇ ਢੀਂਡਸਾ ਨੂੰ ਸਵਾਲ ਕਰਦਿਆਂ ਕਿਹਾ ਕਿ 27 ਦਸੰਬਰ 2016 ਨੂੰ ਅਕਾਲੀ-ਭਾਜਪਾ ਸਰਕਾਰ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਜੋ 'ਦਿ ਪੰਜਾਬ ਐਡਹਾਕ ਕੰਟਰੈਕਟ, ਡੇਲੀਵੇਜ਼, ਟੈਂਪਰੇਰੀ ਵਰਕ ਚਾਰਜ਼ਡ ਅਤੇ ਆਊਟ ਸੋਰਸ ਇੰਪਲਾਈਜ਼ ਵੈੱਲਫੇਅਰ ਬਿੱਲ 2016' ਬਣਾਇਆ ਸੀ, ਉਸ ਨੂੰ ਆਪਣੀ ਸਰਕਾਰ ਦੌਰਾਨ ਲਾਗੂ ਕਿਉਂ ਨਹੀਂ ਕੀਤਾ ਗਿਆ?