ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ 3 ਮੌਤਾਂ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਵਿੱਚੋਂ ਨਸ਼ਿਆਂ ਤੇ ਇਸ ਦੇ ਤਸਕਰਾਂ ਨਾਲ ਸਿੱਝਣ ਲਈ ਸਿਆਸੀ ਮੁਲਾਹਜ਼ੇਦਾਰੀਆਂ ਛੱਡ ਕੇ ਫ਼ੈਸਲਾਕੁਨ ਇੱਛਾ ਸ਼ਕਤੀ ਦਿਖਾਉਣੀ ਪਵੇਗੀ ਕਿਉਂਕਿ ਨਸ਼ੇ ਦੇ ਤਸਕਰ ਸਿਆਸੀ ਸਰਪ੍ਰਸਤੀ ਤੇ ਪੁਲਿਸ ਦੀ ਮਿਲੀਭੁਗਤ ਤੋਂ ਬਿਨਾਂ ਇਹ ਕਾਲਾ ਧੰਦਾ ਲਗਾਤਾਰ ਚੱਲ ਹੀ ਨਹੀਂ ਸਕਦਾ।

ਚੀਮਾ ਨੇ ਕਿਹਾ ਕਿ ਜ਼ੀਰਾ ਦੇ ਪਿੰਡ ਮੋਹਰ ਸਿੰਘ ਵਾਲਾ ਦੇ 20 ਸਾਲਾ ਨੌਜਵਾਨ ਰਮਨ ਸਿੰਘ, ਬਠਿੰਡਾ ਦੇ ਸਲਾਬਤਪੁਰਾ ਦੇ ਜਗਦੀਪ ਸਿੰਘ (30) ਤੇ ਮੋਗਾ ਦੇ ਪਿੰਡ ਡਾਲਾ ਦੇ 31 ਸਾਲਾ ਨੌਜਵਾਨ ਅਮਰਜੀਤ ਸਿੰਘ ਦੀ ਨਸ਼ੇ ਕਾਰਨ ਹੋਈ ਮੌਤ ਨੇ ਅਮਰਿੰਦਰ ਸਰਕਾਰ ਦੇ ਪਾਜ ਉਧੇੜ ਦਿੱਤੇ ਹਨ। ਚੀਮਾ ਨੇ ਕਿਹਾ ਕਿ 1 ਹਫ਼ਤਾ ਪਹਿਲਾਂ ਸੰਗਰੂਰ ਦੇ ਖਨੌਰੀ ਕਸਬੇ ਦੇ ਦਿਹਾੜੀਦਾਰ ਗੁਰਦੀਪ ਸਿੰਘ ਨੇ ਚਿੱਟੇ ਦੀ ਓਵਰਡੋਜ਼ ਨਾਲ 17 ਸਾਲਾਂ ਦਾ ਪੁੱਤਰ ਸਦਾ ਲਈ ਖੋਹ ਦਿੱਤਾ। 1 ਸਾਲ ਪਹਿਲਾਂ ਉਸ ਨੇ ਆਪਣਾ 21 ਸਾਲ ਦਾ ਵੱਡਾ ਪੁੱਤ ਗੁਆਇਆ ਸੀ।

ਚੀਮਾ ਨੇ ਕਿਹਾ ਕਿ ਤਾਜ਼ਾ ਰਿਪੋਰਟਾਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ, ਜਿੱਥੇ ਨਸ਼ਾ ਤਸਕਰਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਜਾਲ ਵਿਚ ਫਸਾ ਲਿਆ ਹੈ। 2016 ਤੋਂ 18 ਤਕ ਸਿਰਫ਼ ਰੋਹਤਕ ਵਿਚ 10 ਤੋਂ 19 ਸਾਲ ਦੇ 268 ਬੱਚੇ ਇਲਾਜ ਲਈ ਰਜਿਸਟ੍ਡ ਹੋਏ ਜਦਕਿ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ 178 ਓਟ (ਆਊਟਡੋਰ ਐਪੀਅਡ ਅਸਿਸਟੈਂਟ ਟਰੀਟਮੈਂਟ) ਕਲੀਨਿਕਾਂ ਵਿਚ ਹੁਣੇ ਜਿਹੇ 3 ਹਜ਼ਾਰ ਤੋਂ ਵੱਧ ਨਵੇਂ ਨਸ਼ੇ ਦੇ ਮਰੀਜ਼ ਰਜਿਸਟ੍ਡ ਹੋਏ ਹਨ।