ਸਟੇਟ ਬਿਊਰੋ, ਚੰਡੀਗੜ੍ਹ : ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਉਣ ਮਗਰੋਂ ਪਾਕਿਸਤਾਨ ਦੇ ਸਿਆਸਤਦਾਨ ਭਾਰਤ ਵਿਚ ਧਾਰਮਿਕ ਭਾਈਚਾਰਾ ਵਿਗਾੜਨ ਦੇ ਯਤਨਾਂ ਵਿਚ ਲੱਗ ਗਏ ਹਨ।

ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੌਜੀ ਮੰਤਰੀ ਚੌਧਰੀ ਫ਼ਵਾਦ ਹੁਸੈਨ ਨੇ ਟਵੀਟ ਕਰ ਕੇ ਪੰਜਾਬੀਆਂ ਨੂੰ ਭੜਕਾਉਣ ਦੇ ਯਤਨ ਕੀਤੇ ਹਨ। ਇਸ ਦੇ ਜਵਾਬ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਕਿਸਤਾਨ ਦੇ ਵਜ਼ੀਰ ਨੂੰ ਲੰਮੇਂ ਹੱਥੀਂ ਲਿਆ। ਅਮਰਿੰਦਰ ਨੇ ਆਪਣੇ ਜਵਾਬ ਵਿਚ ਦੋ ਟੁੱਕ ਜਵਾਬ ਦੇ ਕਿਹਾ ਕਿ ਤੁਹਾਡੇ ਫੁੱਟ ਪਾਉਣ ਦੇ ਮਨਸੂਬੇ ਕੱਤਈ ਤੌਰ 'ਤੇ ਕਾਮਯਾਬ ਨਹੀਂ ਹੋਣਗੇ।

ਪਾਕਿਸਤਾਨ ਦੇ ਮੰਤਰੀ ਨੇ ਪੰਜਾਬ ਤੇ ਇੰਗਲਿਸ਼ ਵਿਚ ਟਵੀਟ ਕੀਤਾ, ''ਭਾਰਤੀ ਸੈਨਾ ਵਿਚ ਪੰਜਾਬੀ ਜਵਾਨ, ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮ ਵਿਰੁੱਧ ਡਿਊਟੀ ਦੇਣੋਂ ਨਾਂਹ ਕਰ ਦੇਣ। ਚੌਧਰੀ ਫ਼ਵਾਦ ਨੇ ਟਵੀਟ ਨੂੰ ਰੀ-ਟਵੀਟ ਕਰਦਿਆਂ ਅਮਰਿੰਦਰ ਨੇ ਲਿਖਿਆ, ''ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣਾ ਬੰਦ ਕਰੋ। ਇਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਕਿ ਭਾਰਤੀ ਸੈਨਾ ਅਨੁਸ਼ਾਸ਼ਿਤ ਤੇ ਰਾਸ਼ਟਰਭਗਤ ਹੈ, ਤੁਹਾਡੀ ਫ਼ੌਜ ਵਾਂਗ ਨਹੀਂ ਹੈ। ਭਾਰਤ ਦੀ ਸੈਨਾ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਿਆਂਗੇ।'' ਅਮਰਿੰਦਰ ਦੇ ਜਵਾਬ ਨੂੰ ਕਾਫ਼ੀ ਪਸੰਦ ਕੀਤਾ ਗਿਆ। ਲੋਕਾਂ ਨੇ ਬਹੁਤ ਸ਼ਿੱਦਤ ਨਾਲ ਇਸ ਦੀ ਤਾਰੀਫ਼ ਕੀਤੀ।

ਟਵਿਟਰ ਵਰਤੋਂਕਾਰ ਅਸ਼ਵਨੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਬਿਆਨ ਸਿੱਧੂ ਜਿਹੇ ਕੁਝ ਲੋਕਾਂ ਕਰ ਕੇ ਆਇਆ ਹੈ। ਹੋਰ ਵੀ ਟਵਿਟਰ ਵਰਤੋਂਕਾਰਾਂ ਨੇ ਅਮਰਿੰਦਰ ਦੇ ਟਵੀਟ ਨੂੰ ਪਸੰਦ ਕੀਤਾ ਤੇ ਆਪਣੀ ਰਾਇ ਜ਼ਾਹਿਰ ਕੀਤੀ।