ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੰਜਾਬ ਦੀਆਂ ਸੜਕਾਂ 'ਤੇ ਵਾਹਨ ਕਾਲ ਬਣ ਕੇ ਘੁੰਮ ਰਹੇ ਹਨ ਤੇ ਸੜਕਾਂ ਲਹੂ ਪੀਣੀਆਂ ਬਣ ਗਈਆਂ ਹਨ। ਸਰਕਾਰੀ ਅੰਕੜੇ ਦੱਸਦੇ ਹਨ ਕਿ ਪੰਜਾਬ 'ਚ ਸੜਕ ਹਾਦਸਿਆਂ ਕਾਰਨ ਰੋਜ਼ਾਨਾ 12 ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਤੇ ਰੋਜ਼ਾਨਾ 17 ਸੜਕ ਹਾਦਸੇ ਵਾਪਰਦੇ ਹਨ।

ਇਨ੍ਹਾਂ 'ਚੋਂ ਕੌਮੀ ਮਾਰਗਾਂ 'ਤੇ ਰੋਜ਼ਾਨਾ ਚਾਰ ਜਣੇ ਹਾਦਸਿਆਂ 'ਚ ਜਾਨ ਗੁਆ ਬੈਠਦੇ ਹਨ। ਜ਼ਿਆਦਾਤਰ ਸੜਕ ਹਾਦਸੇ ਸ਼ਾਮ ਨੂੰ 6 ਤੋਂ 9 ਵਜੇ ਦਰਮਿਆਨ ਵਾਪਰਦੇ ਹਨ। ਸਾਲ 2017 'ਚ ਤੇਜ਼ ਰਫਤਾਰ ਕਾਰਨ ਵਾਪਰੇ ਹਾਦਸਿਆਂ 'ਚ 2363 ਲੋਕਾਂ ਦੀ ਮੌਤ ਹੋਈ ਸੀ। ਸੜਕ ਹਾਦਸਿਆਂ ਦੇ ਭਾਵੇਂ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਕਾਰਨਾਂ 'ਚ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਤੇ ਨਸ਼ਾ ਕਰ ਕੇ ਡਰਾਈਵਿੰਗ ਕਰਨੀ ਸ਼ਾਮਲ ਹੈ।

ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਕਾਰਨ ਵੀ ਸੜਕ ਹਾਦਸੇ ਵਾਪਰ ਰਹੇ ਹਨ। ਪੰਜਾਬੀਆਂ ਦੀ ਮਾੜੀ ਕਿਸਮਤ ਹੈ ਕਿ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਦੀ ਉਚਿਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਨਿਯਮਾਂ ਨੂੰ ਲਾਗੂ ਕਰਾਉਣ ਲਈ ਸਖ਼ਤੀ ਵਰਤੀ ਜਾਂਦੀ ਹੈ। ਨਿਯਮਾਂ ਦੇ ਲਾਗੂ ਨਾ ਹੋਣ 'ਚ ਸਭ ਤੋਂ ਵੱਡਾ ਅੜਿੱਕਾ ਸਾਡੇ ਸਿਆਸੀ ਲੀਡਰ ਬਣਦੇ ਹਨ। ਵੱਡੀਆਂ-ਵੱਡੀਆਂ ਟਰਾਂਸਪੋਰਟ ਕੰਪਨੀਆਂ ਸਿਆਸੀ ਲੀਡਰਾਂ ਦੀਆਂ ਹਨ, ਜੋ ਟਰੈਫਿਕ ਨਿਯਮਾਂ ਤੇ ਟਰੈਫਿਕ ਅਧਿਕਾਰੀਆਂ ਨੂੰ ਟਿੱਚ ਸਮਝਦੇ ਹਨ।

ਘੱਟ ਨਜ਼ਰ, ਘੱਟ ਸੁਣਨਾ, ਥਕਾਵਟ, ਮਾੜੀ ਸਿਹਤ ਅਤੇ ਬੇਅਰਾਮੀ ਅਤੇ ਨਸ਼ਾ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ। ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਅਜਿਹੇ ਸੜਕ ਹਾਦਸੇ ਵਾਪਰੇ ਹਨ, ਜਿਨ੍ਹਾਂ ਨੇ ਹਰ ਇਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਬਹੁਤੇ ਸੜਕ ਹਾਦਸਿਆਂ ਕਾਰਨ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ।

ਸੱਤ ਸਾਲਾਂ 'ਚ 45,495 ਹਾਦਸਿਆਂ 'ਚ 33,393 ਲੋਕਾਂ ਦੀ ਗਈ ਜਾਨ

ਪੰਜਾਬ ਪੁਲਿਸ ਤੇ ਟਰਾਂਸਪੋਰਟ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਅੰਦਰ ਸਾਲ 2011 ਤੋਂ ਸਾਲ 2017 ਤਕ ਕੁੱਲ 45 ਹਜ਼ਾਰ 495 ਸੜਕ ਹਾਦਸੇ ਵਾਪਰੇ, ਜਿਨ੍ਹਾਂ 'ਚ 33 ਹਜ਼ਾਰ 393 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 29 ਹਜ਼ਾਰ 571 ਲੋਕ ਜ਼ਖ਼ਮੀ ਹੋਏ। ਜੇਕਰ ਪ੍ਰਤੀ ਸਾਲ ਦੀ ਗੱਲ ਕੀਤੀ ਜਾਵੇ ਤਾਂ ਸਾਲ 2011 'ਚ 6513 ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿਚ 4931 ਲੋਕਾਂ ਦੀ ਮੌਤ ਹੋਈ, ਜਦੋਂ ਕਿ 4081 ਲੋਕ ਜ਼ਖ਼ਮੀ ਹੋ ਗਏ।

ਸਾਲ 2012 'ਚ ਵਾਪਰੇ 6341 ਸੜਕ ਹਾਦਸਿਆਂ 'ਚ 4820 ਲੋਕਾਂ ਦੀ ਮੌਤ ਅਤੇ 3997 ਲੋਕ ਜ਼ਖ਼ਮੀ ਹੋਏ। ਸਾਲ 2013 'ਚ ਪੰਜਾਬ ਅੰਦਰ ਵਾਪਰੇ 6323 ਸੜਕ ਹਾਦਸਿਆਂ 'ਚ 4588 ਲੋਕਾਂ ਦੀ ਕੀਮਤੀ ਜਾਨ ਚਲੀ ਗਈ, ਜਦੋਂ ਕਿ 4383 ਲੋਕ ਜ਼ਖ਼ਮੀ ਹੋਏ। ਸਾਲ 2014 'ਚ ਵਾਪਰੇ 6391 ਸੜਕ ਹਾਦਸਿਆਂ 'ਚ 4621 ਲੋਕਾਂ ਦੀ ਜਾਨ ਗਈ, ਜਦੋਂਕਿ 4127 ਲੋਕ ਜ਼ਖ਼ਮੀ ਹੋਏ। ਸਾਲ 2015 ਦੌਰਾਨ ਪੰਜਾਬ 'ਚ ਵਾਪਰੇ 6702 ਸੜਕ ਹਾਦਸਿਆਂ 'ਚ 4893 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 4414 ਲੋਕ ਜ਼ਖ਼ਮੀ ਹੋਏ। ਸਾਲ 2016 ਦੌਰਾਨ ਪੰਜਾਬ 'ਚ ਵਾਪਰੇ 6953 ਸੜਕ ਹਾਦਸਿਆਂ 'ਚ 5077 ਲੋਕਾਂ ਦੀ ਕੀਮਤੀ ਜਾਨ ਚਲੀ ਗਈ। ਇਸੇ ਤਰ੍ਹਾਂ ਸਾਲ 2017 'ਚ 6273 ਸੜਕ ਹਾਦਸੇ ਵਾਪਰੇ, ਜਿਨ੍ਹਾਂ 'ਚ 4463 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 4218 ਜ਼ਖ਼ਮੀ ਹੋ ਗਏ।

ਸਿਆਸੀ ਆਗੂਆਂ ਦੀਆਂ ਬੱਸ ਕੰਪਨੀਆਂ ਦੀ ਭਰਮਾਰ

ਪੰਜਾਬ 'ਚ ਜ਼ਿਆਦਾਤਰ ਵੱਡੀਆਂ ਬੱਸ ਕੰਪਨੀਆਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਦੀ ਹਨ, ਜਿਸ ਕਾਰਨ ਟਰਾਂਸਪੋਰਟ ਵਿਭਾਗ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕੰਨੀ ਕਤਰਾ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਸਭ ਤੋਂ ਵੱਧ ਸੜਕ ਹਾਦਸੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਮਾਲਕੀ ਵਾਲੀ ਓਰਬਿਟ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਨੇ ਕੀਤੇ।

ਇਸ ਤੋਂ ਇਲਾਵਾ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਯਾਦਵਿੰਦਰ ਸਿੰਘ ਯਾਦੀ ਦੀ ਹਰਗੋਬਿੰਦ ਬੱਸ ਸਰਵਿਸ, ਅਕਾਲੀ ਆਗੂ ਲਾਲੀ ਬਾਦਲ ਦੀ ਫ਼ਤਹਿ ਟਰਾਂਸਪੋਰਟ, ਬਿਕਰਮ ਮਜੀਠੀਆ ਦੇ ਪਰਿਵਾਰ ਦੀ ਜੁਝਾਰ ਟਰਾਂਸਪੋਰਟ, ਅਕਾਲੀ ਆਗੂ ਡਿੰਪੀ ਢਿੱਲੋਂ ਦੀ ਨਿਊ ਦੀਪ ਟਰਾਂਸਪੋਰਟ, ਕਾਂਗਰਸ ਆਗੂ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਰਘੂਰਾਜ ਟਰਾਂਸਪੋਰਟ, ਕਾਂਗਰਸੀ ਆਗੂ ਲਿਬੜਾ ਦੀ ਲਿਬੜਾ ਟਰਾਂਸਪੋਰਟ ਅਤੇ ਕਾਂਗਰਸੀ ਆਗੂ ਅਵਤਾਰ ਹੈਨਰੀ ਦੀ ਕਰਤਾਰ ਟਰਾਂਸਪੋਰਟ ਦੀਆਂ ਬੱਸਾਂ ਚੱਲ ਰਹੀਆਂ ਹਨ।

ਡਰਾਈਵਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਨਹੀਂ ਦਰੁੱਸਤ

ਪੰਜਾਬ 'ਚ ਵੱਧ ਸੜਕ ਹਾਦਸੇ ਹੋਣ ਦਾ ਕਾਰਨ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਪ੍ਰਣਾਲੀ ਦਾ ਦਰੁੱਸਤ ਨਾ ਹੋਣਾ ਹੈ। ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਦਾ ਗੱਡੀ ਚਲਾਉਣ ਦੇ ਟੈਸਟ ਤੋਂ ਇਲਾਵਾ ਹੋਰ ਕੋਈ ਵੀ ਟੈਸਟ ਨਹੀਂ ਲਿਆ ਜਾਂਦਾ। ਕਥਿਤ ਦਲਾਲਾਂ ਦੇ ਸਹਾਰੇ ਡਾਕਟਰਾਂ ਵੱਲੋਂ ਬਿਨਾਂ ਚੈਕਅੱਪ ਕੀਤੇ ਮੈਡੀਕਲ ਰਿਪੋਰਟ 'ਤੇ ਡਰਾਈਵਿੰਗ ਲਾਇਸੈਂਸ ਤਿਆਰ ਹੋ ਜਾਂਦਾ ਹੈ। ਭਾਵੇਂ ਪੰਜਾਬ ਸਰਕਾਰ ਨੇ ਸੂਬੇ ਅੰਦਰ ਤਿੰਨ ਆਟੋ ਮੋਟਿਵ ਡਰਾਈਵਿੰਗ ਟੈਸਟਿੰਗ ਪਾਰਕ, ਜੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ, ਕਪੂਰਥਲਾ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਅਮਰਗੜ੍ਹ ਵਿਚ ਬਣਾਏ ਹੋਏ ਹਨ ਪਰ ਇਨ੍ਹਾਂ 'ਚੋਂ ਸਿਰਫ਼ ਬਠਿੰਡਾ ਜ਼ਿਲ੍ਹੇ ਦਾ ਆਟੋ ਮੋਟਿਵ ਡਰਾਈਵਿੰਗ ਪਾਰਕ ਹੀ ਚੱਲ ਰਿਹਾ ਹੈ। ਇਥੇ ਵੀ ਨਿਯਮਾਂ ਦੀ ਕਥਿਤ ਅਣਦੇਖੀ ਕਰ ਕੇ ਲਾਇਸੈਂਸ ਜਾਰੀ ਕੀਤੇ ਜਾ ਰਹੇ ਹਨ।

ਸਾਲ ਕੁੱਲ ਮੌਤਾਂ ਨੈਸ਼ਨਲ ਹਾਈਵੇ ਸਟੇਟ ਹਾਈਵੇ

2011 4931 1799 1474

2012 4820 1552 1559

2013 4588 1360 1601

2014 4621 1482 1194

2015 4893 1538 1484

2016 5077 1495 1584

2017 4463 1891 1087

ਸਾਲ 2017 ਦੌਰਾਨ ਕਿਹੜੇ ਜ਼ਿਲ੍ਹੇ 'ਚ ਕਿੰਨ੍ਹੀਆਂ ਮੌਤਾਂ

ਜ਼ਿਲ੍ਹਾ ਮੌਤਾਂ

ਬਠਿੰਡਾ 216

ਗੁਰਦਾਸਪੁਰ 228

ਸ਼੍ਰੀ ਅੰਮਿ੍ਤਸਰ 214

ਕਪੂਰਥਲਾ 141

ਜਲੰਧਰ 365

ਐੱਸਬੀਐੱਸ ਨਗਰ 137

ਹੁਸ਼ਿਆਰਪੁਰ 251

ਰੂਪਨਗਰ 202

ਲੁਧਿਆਣਾ 518

ਿਫ਼ਰੋਜ਼ਪੁਰ 160

ਫ਼ਰੀਦਕੋਟ 103

ਸ੍ਰੀ ਮੁਕਤਸਰ ਸਾਹਿਬ 126

ਮੋਗਾ 173

ਮਾਨਸਾ 101

ਸੰਗਰੂਰ 218

ਪਟਿਆਲਾ 374

ਫ਼ਤਹਿਗੜ੍ਹ ਸਾਹਿਬ 149

ਐੱਸਏਐੱਸ ਨਗਰ 310

ਤਰਨਤਾਰਨ 131

ਬਰਨਾਲਾ 79

ਪਠਾਨਕੋਟ 116

ਫ਼ਾਜ਼ਿਲਕਾ 147

ਕੁੱਲ ਮੌਤਾਂ 4463

ਵਾਹਨਾਂ ਦੀ ਵਧਦੀ ਗਿਣਤੀ ਵੀ ਹਾਦਸਿਆਂ ਦਾ ਇਕ ਮੁੱਖ ਕਾਰਨ

ਸੜਕ ਹਾਦਸਿਆਂ ਦਾ ਇਕ ਕਾਰਨ ਇਹ ਵੀ ਹੈ ਕਿ ਹਰ ਸਾਲ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਵਧ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹਰ ਰੋਜ਼ 300 ਨਵੀਆਂ ਕਾਰਾਂ ਤੇ 1700 ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਹੈ। ਮਾਰਚ 2017 ਤਕ ਪੰਜਾਬ ਅੰਦਰ 98,59,742 ਛੋਟੇ ਵੱਡੇ ਵਾਹਨਾਂ ਦੀ ਰਜ਼ਿਸਟ੍ਰੇਸ਼ਨ ਹੋਈ ਸੀ।

ਛੇ ਮਹੀਨੇ ਅੰਦਰ ਮੁਆਵਜ਼ਾ ਦੇਣ ਦਾ ਹੈ ਪ੍ਰਬੰਧ

ਸੜਕ ਹਾਦਸੇ ਦੇ ਛੇ ਮਹੀਨੇ ਦੇ ਅੰਦਰ ਪ੍ਰਸ਼ਾਸਨ ਦੁਆਰਾ ਮੁਆਵਜ਼ਾ ਦੇਣ ਦਾ ਪ੍ਰਬੰਧ ਹੈ ਪਰ ਪਤਾ ਨਾ ਹੋਣ ਕਾਰਨ ਬਹੁਤੇ ਲੋਕ ਮੁਆਵਜ਼ੇ ਲਈ ਅਪਲਾਈ ਹੀ ਨਹੀਂ ਕਰਦੇ। ਕੇਂਦਰੀ ਟਰਾਂਸਪੋਰਟ ਵਿਭਾਗ ਦੇ ਨਿਯਮ ਤੇ ਕਾਨੂੰਨ ਅਨੁਸਾਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਮਰਨ ਵਾਲੇ ਵਿਅਕਤੀ ਨੂੰ 25 ਹਜ਼ਾਰ ਰੁਪਏ ਤੇ ਜ਼ਖ਼ਮੀ ਹੋਣ ਵਾਲੇ ਵਿਅਕਤੀ ਨੂੰ 12,500 ਰੁਪਏ ਮੁਆਵਜ਼ਾ ਮਿਲਦਾ ਹੈ।