v style="text-align: justify;"> ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪਾਵਰਕਾਮ ਨੇ ਬਿਜਲੀ ਚੋਰੀ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਟੀਮ ਨੇ ਇਕ ਦਿਨ 'ਚ ਹੀ ਚਾਰ ਜ਼ਿਲ੍ਹਿਆਂ ਬਠਿੰਡਾ, ਸ੍ਰੀ ਮੁਕਤਸਰ, ਫ਼ਰੀਦਕੋਟ ਤੇ ਫ਼ਿਰੋਜ਼ਪੁਰ ਵਿਚ ਛਾਪੇਮਾਰੀ ਕਰਕੇ ਬਿਜਲੀ ਚੋਰੀ ਦੇ ਭਾਰੀ ਗਿਣਤੀ 'ਚ ਕੇਸ ਫੜੇ ਹਨ। ਪਾਵਰਕਾਮ ਦੀਆਂ ਵੱਖ-ਵੱਖ ਟੀਮਾਂ ਨੇ ਚਾਰ ਜ਼ਿਲ੍ਹਿਆਂ ਵਿਚ ਬਿਜਲੀ ਚੋਰੀ ਦੇ 262 ਕੇਸ ਫੜੇ ਹਨ। ਖਪਤਕਾਰਾਂ ਵੱਲੋਂ ਸਿੱਧੀਆਂ ਕੁੰਢੀਆਂ ਸਮੇਤ ਹੋਰ ਕਈ ਕਿਸਮਾਂ ਨਾਲ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਪੱਛਮ ਜ਼ੋਨ ਦੇ ਮੁੱਖ ਇੰਜੀਨੀਅਰ ਮੁਕੇਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਇਕ ਦਿਨ ਵਿਚ ਪਾਵਰਕਾਮ ਦੀਆਂ ਵੱਖ-ਵੱਖ ਟੀਮਾਂ ਨੇ ਚਾਰ ਜ਼ਿਲ੍ਹਿਆਂ ਅੰਦਰ 1668 ਬਿਜਲੀ ਖਪਤਕਾਰਾਂ ਦੇ ਘਰਾਂ ਤੇ ਅਹਾਤਿਆਂ ਦੀ ਚੈਕਿੰਗ ਕੀਤੀ ਤਾਂ 262 ਖਪਤਕਾਰ ਬਿਜਲੀ ਚੋਰੀ ਕਰਦੇ ਫੜੇ ਗਏ। ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ ਕਰਨ ਵਾਲੇ ਉਕਤ ਖਪਤਕਾਰਾਂ ਨੂੰ 56.89 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਜੋਨ ਦੇ ਸਾਰੇ ਸੰਚਾਲਨ ਹਲਕਿਆਂ ਵਿਚ ਡਿਸਟ੍ਰੀਬਿਊਸ਼ਨ ਅਧਿਕਾਰੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਕਾਰਗਰ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਹਲਕੇ ਅੰਦਰ ਚੋਰੀ ਦੇ 48 ਕੇਸ ਫੜੇ ਗਏ ਹਨ, ਜਿਸ ਵਿਚ ਖਪਤਕਾਰਾਂ ਨੂੰ 11.97 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਫ਼ਰੀਦਕੋਟ ਵਿਚ ਬਿਜਲੀ ਚੋਰੀ ਦੇ 101 ਕੇਸਾਂ ਵਿਚ 15.25 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਪਾਵਰਕਾਮ ਦੇ ਸ੍ਰੀ ਮੁਕਤਸਰ ਸਾਹਿਬ ਹਲਕੇ ਵਿਚ ਕੀਤੀ ਗਈ ਬਿਜਲੀ ਚੋਰੀ ਦੀ ਛਾਪੇਮਾਰੀ ਦੌਰਾਨ ਫੜੇ ਗਏ 53 ਕੇਸਾਂ ਵਿਚ 20.68 ਲੱਖ ਰੁਪਏ ਖਪਤਕਾਰਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਫ਼ਿਰੋਜ਼ਪੁਰ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ 60 ਖਪਤਕਾਰ ਬਿਜਲੀ ਚੋਰੀ ਕਰਦੇ ਫੜੇ ਗਏ, ਜਿਸ ਵਿਚ 8.99 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਪੱਛਮ ਜ਼ੋਨ ਦੇ ਮੁੱਖ ਇੰਜੀਨੀਅਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਬਿਜਲੀ ਚੋਰੀ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਅਗਲੇ ਦਿਨਾਂ ਵਿਚ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਜਲੀ ਚੋਰੀ ਰੋਕਣ ਲਈ ਉਹ ਪਾਵਰਕਾਮ ਦੇ ਅਧਿਕਾਰੀਆਂ ਦਾ ਸਾਥ ਦੇਣ ਤੇ ਬਿਜਲੀ ਚੋਰੀ ਫੜਾਉਣ ਲਈ ਅੱਗੇ ਆਉਣ।

Posted By: Sarabjeet Kaur