ਬੀਤੀ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈਣ ਉਪਰੰਤ ਧਾਰਾ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਦੂਜੇ ਪਾਸੇ ਜ਼ਖ਼ਮੀ ਹੋਏ ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਇਆਂ ਡਾਕਟਰਾਂ ਨੇ ਉਸਨੂੰ ਲੁੁਧਿਆਣਾ ਵਿਖੇ ਇਕ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਅਜੇ ਉਹ ਕੁਆਰਾ ਹੀ ਸੀ। ਉਸਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ। ਸਥਾਨਕ ਸਰਕਾਰੀ ਹਸਪਤਾਲ ਵਿਚ ਮ੍ਰਿਤਕ ਨੌਜਵਾਨ ਦੀ ਲਾਸ਼ ਲੈਣ ਆਏ ਉਸਦੇ ਦੋਸਤ ਨਗੌਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ (28) ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਆਕਲੀਆਂ ਕਲਾਂ ਅਤੇ ਉਸਦਾ ਸਾਥੀ ਅਵਤਾਰ ਸਿੰਘ (30) ਪੁੱਤਰ ਗੁਰਜੰਟ ਸਿੰਘ ਵਾਸੀ ਆਕਲੀਆਂ ਕਲਾਂ ਮੋਟਰਸਾਈਕਲ 'ਤੇ ਜੈਤੋ ਤੋਂ ਵਾਪਿਸ ਆਪਣੇ ਪਿੰਡ ਆ ਰਹੇ ਸਨ। ਇਸ ਦੌਰਾਨ ਜਦ ਉਹ ਪਿੰਡ ਸੇਵੇਵਾਲਾ ਕੋਲ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ਸੀ। ਜਿਥੇ ਇਲਾਜ ਦੌਰਾਨ ਗੁਰਵਿੰਦਰ ਸਿੰਘ ਨੇ ਦਮ ਤੋੜ ਦਿੱਤਾ ਜਦਕਿ ਜ਼ਖ਼ਮੀ ਹੋਏ ਅਵਤਾਰ ਸਿੰਘ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ।