ਭੋਲਾ ਸਿੰਘ ਮਾਨ, ਮੌੜ ਮੰਡੀ : ਬੀਤੀ ਰਾਤ ਥਾਣਾ ਮੌੜ ਦੇ ਐੱਸਐੱਚਓ ਦੀ ਪ੍ਰਾਈਵੇਟ ਰਿਹਾਇਸ਼ 'ਤੇ ਨਿੱਜੀ ਲਾਂਗਰੀ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਥਾਣਾ ਮੁਖੀ ਦਲਵੀਰ ਸਿੰਘ ਨੇ ਸ਼ਹਿਰ ਅੰਦਰ ਇਕ ਪ੍ਰਰਾਈਵੇਟ ਕੋਠੀ ਲੈ ਕਿ ਨਿੱਜੀ ਰਿਹਾਇਸ਼ ਕੀਤੀ ਹੋਈ ਸੀ ਅਤੇ ਰਿਹਾਇਸ਼ 'ਤੇ ਇਕ ਪ੍ਰਾਈਵੇਟ ਤੌਰ 'ਤੇ ਖਾਣਾ ਬਣਾਉਣ ਲਈ ਲਾਂਗਰੀ ਰੱਖਿਆ ਹੋਇਆ ਸੀ। ਭਾਵੇਂ ਲਾਂਗਰੀ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਸ਼ਹਿਰਵਾਸੀਆਂ ਦੀਆਂ ਚਰਚਾਵਾਂ ਕਾਰਨ ਅਫਵਾਹਾਂ ਦਾ ਬਜ਼ਾਰ ਪੂਰੀ ਤਰ੍ਹਾਂ ਗਰਮ ਹੈ।

ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਦਲਵੀਰ ਸਿੰਘ ਵਿਸਾਖੀ ਮੇਲੇ 'ਤੇ ਡਿਊਟੀ ਦੇ ਰਹੇ ਸਨ, ਜਦ ਉਹ ਡਿਊਟੀ ਉਪਰੰਤ ਬੀਤੀ ਰਾਤ ਆਪਣੀ ਮੌੜ ਮੰਡੀ ਰਿਹਾਇਸ਼ 'ਤੇ ਸਾਥੀ ਕਰਮਚਾਰੀਆਂ ਨਾਲ ਪਹੁੰਚੇ ਤਾਂ ਲਾਂਗਰੀ ਜਸਵਿੰਦਰ ਸਿੰਘ ਉਰਫ ਨਿੰਦਰ ਪੁੱਤਰ ਭੋਲਾ ਸਿੰਘ ਉਮਰ ਲਗਭਗ 20 ਸਾਲ ਵਾਸੀ ਜਲਾਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਇਸ ਘਟਨਾ ਦੀ ਸੂਚਨਾ ਮਿ੍ਤਕ ਦੇ ਵਾਰਸਾਂ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਭੇਜਿਆ, ਜਿੱਥੇ ਪੁਲਿਸ ਨੇ ਮਿ੍ਤਕ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਦੇ ਤਹਿਤ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਮਿ੍ਤਕ ਦਾ ਸੰਸਕਾਰ ਜੱਦੀ ਪਿੰਡ ਜਲਾਲ ਵਿਖੇ ਕਰ ਦਿੱਤਾ ਗਿਆ।

ਇਸ ਸਬੰਧੀ ਜਦ ਥਾਣਾ ਮੁਖੀ ਦਲਵੀਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਵਿਭਾਗ ਫੋਨ 'ਤੇ ਸਬ ਇੰਸਪੈਕਟਰ ਹਰਬੰਸ ਸਿੰਘ ਬੋਲੇ ਅਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਮੈਨੂੰ ਕੁਝ ਵੀ ਪਤਾ ਨਹੀ ਮੈਂ ਅੱਜ ਹੀ ਡਿਊਟੀ 'ਤੇ ਆਇਆ ਹਾਂ ਭਾਵੇਂ ਤਫਤੀਸ਼ੀ ਏਐੱਸਆਈ ਬਲਜੀਤ ਸਿੰਘ ਨਾਲ ਗੱਲ ਕਰ ਲਵੋ।