ਦਲਜੀਤ ਸਿੰਘ ਸਿਧਾਣਾ, ਰਾਮਪੁਰਾ ਫੂਲ : ਸਥਾਨਕ ਸ਼ਹਿਰ ਦੇ ਉੱਘੇ ਟਰਾਂਸਪੋਰਟਰ ਅਜਾਇਬ ਸਿੰਘ ਧਿੰਗੜ ਵੱਲੋ ਘਰ ਵਿਚ ਪਈਆ ਜ਼ਹਿਰੀਲੀਆ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲੈਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪੀਸੀਆਰ ਟਰਾਂਸਪੋਰਟ ਕੰਪਨੀ ਦੇ ਹਿੱਸੇਦਾਰ ਅਜਾਇਬ ਸਿੰਘ ਧਿੰਗੜ ਜੋ ਕਿ ਰਾਮਪੁਰਾ ਫੂਲ ਵਿਖੇ ਰਹਿੰਦੇ ਸਨ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਭੈਣ ਦਾ ਪਿਛਲੇ ਸਾਲ ਮਾਰਚ ਮਹੀਨੇ ਵਿਚ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਕਰਨਤੇਜ ਸਿੰਘ ਪੁੱਤਰ ਸਤਨਾਮ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ 'ਤੇ ਉਨ੍ਹਾਂ ਨੇ ਕਰੀਬ 36 ਲੱਖ ਰੁਪਏ ਖਰਚ ਕੀਤੇ ਸਨ ਪਰ ਵਿਆਹ ਤੋਂ ਕੁੱਝ ਦਿਨ ਬਾਅਦ ਹੀ ਦਾਜ ਦੇ ਲਾਲਚ ਵਿੱਚ ਆ ਕੇ ਉਸ ਦੀ ਭੈਣ ਦੇ ਸਹੁਰਾ ਪਰਿਵਾਰ ਨੇ ਪੰਜ ਲੱਖ ਰੁਪਏ ਦੀ ਹੋਰ ਮੰਗ ਕੀਤੀ ਤਾਂ ਮੇਰੇ ਪਿਤਾ ਅਜਾਇਬ ਸਿੰਘ ਨੇ ਆਪਣੇ ਮਿੱਤਰ ਨਿਰਮਲ ਸਿੰਘ ਨਾਲ ਜਾ ਕੇ ਦੋ ਲੱਖ ਰੁਪਏ ਲੜਕੀ ਦੇ ਸਹੁਰੇ ਸਤਨਾਮ ਸਿੰਘ ਚਹਿਲ ਨੂੰ ਹੋਰ ਦਿੱਤੇ ਸਨ।

ਉਨ੍ਹਾਂ ਦੱਸਿਆ ਕਿ ਲੜਕੀ ਦੇ ਸਹੁਰੇ ਪਰਿਵਾਰ ਨੇ ਲੜਕੀ ਨੂੰ ਵਿਆਹ ਵਿਚ ਹੋਏ ਸ਼ਗਨ ਦੇ ਕਰੀਬ ਇੱਕ ਲੱਖ ਰੁਪਏ ਵੀ ਵਿਆਹ ਤੋਂ ਬਾਅਦ ਖੋਹ ਲਏ ਸਨ। ਉਨ੍ਹਾਂ ਦੱਸਿਆ ਕਿ ਦਸੰਬਰ 2018 ਵਿੱਚ ਮੇਰੀ ਭੈਣ ਨੇ ਇੱਕ ਲੜਕੀ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਸਹੁਰਾ ਪਰਿਵਾਰ ਮੇਰੀ ਭੈਣ ਨੂੰ ਆਪਣੇ ਘਰ ਲੈ ਗਏ 'ਤੇ ਦਸ ਲੱਖ ਰੁਪਏ ਹੋਰ ਮੰਗ ਕਰਨ ਲੱਗੇ। ਇਸ ਦੇ ਚੱਲਦਿਆਂ ਉਸ ਤੋਂ ਬਾਅਦ ਕਈ ਵਾਰ ਲੜਕੀ ਦੇ ਸਹੁਰਾ ਪਰਿਵਾਰ ਨੇ ਲੜਕੀ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਇਸ ਘਟਨਾ ਨੂੰ ਲੈਕੇ ਮੇਰੇ ਪਿਤਾ ਮਾਨਸਿਕ ਤਣਾਓ ਵਿਚ ਰਹਿੰਦੇ ਸਨ ਤੇ ਉਨ੍ਹਾਂ ਰਾਤ ਜ਼ਹਿਰੀਲੀਆ ਗੋਲੀਆਂ ਖਾ ਕੇ ਆਤਮ-ਹੱਤਿਆ ਕਰ ਲਈ। ਇਸ ਲਈ ਆਤਮ ਹੱਤਿਆਂ ਕਰਨ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਨੂੰ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।


ਕੀ ਕਹਿਣਾ ਹੈ ਥਾਣਾ ਸਿਟੀ ਰਾਮਪੁਰਾ ਫੂਲ ਦੇ ਮੁਖੀ ਗੋਰਬਵੰਸ ਸਿੰਘ ਦਾ

ਥਾਣਾ ਸਿਟੀ ਰਾਮਪੁਰਾ ਫੂਲ ਦੇ ਮੁਖੀ ਗੋਰਬਵੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਲੜਕੀ ਦੇ ਘਰ ਵਾਲੇ ਕਰਨਤੇਜ ਸਿੰਘ ਚਹਿਲ, ਉਸ ਦੇ ਪਿਤਾ ਸਤਨਾਮ ਸਿੰਘ ਚਹਿਲ ਤੇ ਉਸ ਦੀ ਪਤਨੀ ਸ਼ਿੰਦਰਪਾਲ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਮੈਂਬਰਾਂ ਵੱਲੋਂ ਕਰੀਬ ਸ਼ਾਮ ਪੰਜ ਵਜੇ ਥਾਣਾ ਸਿਟੀ ਅੱਗੇ ਧਰਨਾ ਲਾਇਆ ਗਿਆ ।ਇਸ ਮੌਕੇ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਅਜਾਇਬ ਸਿੰਘ ਧਿੰਗੜ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਵਾਲੇ ਲੜਕੀ ਦੇ ਸਹੁਰਾ ਪਰਿਵਾਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਵੀਰਵਾਰ ਸਵੇਰ ਦਸ ਵਜੇ ਤੱਕ ਕਥਿਤ ਦੋਸ਼ੀਆ ਦੀ ਗ੍ਰਿਫਤਾਰੀ ਨਾ ਹੋਈ ਤਾਂ ਉਹ ਅਜਾਇਬ ਸਿੰਘ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ 'ਤੇ ਬਠਿੰਡਾ ਚੰਡੀਗੜ੍ਹ ਸੜਕ ਜਾਮ ਕਰਕੇ ਧਰਨਾ ਲਾਉਣਗੇ।


ਕੀ ਕਹਿਣਾ ਹੈ ਡੀਐੱਸਪੀ ਫੂਲ ਦਾ

ਇਸ ਸਬੰਧੀ ਡੀਐੱਸਪੀ ਜਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ 'ਤੇ ਸਹੁਰਾ ਪਰਿਵਾਰ ਤੇ ਮਾਮਲਾ ਦਰਜ਼ ਕਰ ਲਿਆ ਹੈ। ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਟੀਮਾਂ ਬਣਾ ਕੇ ਭੇਜ ਦਿੱਤੀਆਂ ਹਨ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਤਪਾਲ ਗਰਗ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਨਿਰਮਲ ਸਿੰਘ ਬੁਰਜ ਗਿੱਲ ਤੋਂ ਮ੍ਰਿਤਕ ਵਿਅਕਤੀ ਦੇ ਰਿਸ਼ਤੇਦਾਰ ਆਦਿ ਹਾਜ਼ਰ ਸਨ।

Posted By: Jagjit Singh