ਗੁਰਤੇਜ ਸਿੰਘ ਸਿੱਧੂ, ਬਿਠੰਡਾ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕਾਂਡ ਦੇ ਸੁਣਾਏ ਜਾਣ ਵਾਲੇ ਫ਼ੈਸਲੇ ਨੂੰ ਲੈ ਕੇ ਜ਼ਿਲ੍ਹੇ ਅੰਦਰ ਸੁਰੱਖਿਆ ਵਧਾ ਦਿੱਤੀ ਗਈ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੀ ਇਸ ਕੇਸ 'ਚ ਸਾਜਿਸ਼ ਰਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਭਾਵੇਂ ਹਰਿਆਣਾ ਸਰਕਾਰ ਦੀ ਅਪੀਲ ਤੋਂ ਬਾਅਦ ਅਦਾਲਤ ਡੇਰਾ ਮੁਖੀ ਨੂੰ ਇਸ ਕੇਸ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਾਏਗੀ ਪਰ ਅਦਾਲਤ ਵੱਲੋਂ ਬੀਤੀ 25 ਅਗਸਤ, 2017 ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪੰਜਾਬ ਤੇ ਹਰਿਆਣਾ 'ਚ ਹਿੰਸਾ ਭੜਕ ਗਈ ਸੀ। ਹਿੰਸਾ ਦੌਰਾਨ ਪੰਚਕੂਲਾ 'ਚ ਡੇਰਾ ਸਿਰਸਾ ਦੇ 36 ਸ਼ਰਧਾਲੂ ਮਾਰੇ ਗਏ ਸਨ ਅਤੇ ਸੁਰੱਖਿਆ ਬਲਾਂ ਨਾਲ ਸੰਘਰਸ ਦੌਰਾਨ ਸਿਰਸਾ 'ਚ ਉਸੇ ਦਿਨ ਛੇ ਸ਼ਰਧਾਲੂ ਵੱਖਰੇ ਮਾਰੇ ਗਏ ਸਨ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਨੇ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਹਨ।

ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਜਗ੍ਹਾ-ਜਗ੍ਹਾ ਨਾਕੇ ਲਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉਥੇ ਪੰਜਾਬ-ਹਰਿਆਣਾ ਦੀ ਹੱਦ 'ਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈੱਡਕੁਆਟਰ 'ਤੇ ਵੀ ਵੱਡੀ ਗਿਣਤੀ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਡੇਰਾ ਪ੫ੇਮੀ ਇਕੱਤਰ ਨਾ ਹੋ ਸਕਣ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰਨਾਂ ਛੋਟੇ ਡੇਰਿਆਂ ਅੱਗੇ ਵੀ ਪੁਲਿਸ ਦਾ ਪਹਿਰਾ ਲਾਇਆ ਗਿਆ ਹੈ।

ਪੁਲਿਸ ਉਨ੍ਹਾਂ ਡੇਰਾ ਪ੫ੇਮੀਆਂ 'ਤੇ ਖ਼ਾਸ ਨਜ਼ਰ ਰੱਖ ਰਹੀ ਹੈ ਜੋ ਅਦਾਲਤ ਵੱਲੋਂ 25 ਅਗਸਤ ਨੂੰ

ਫ਼ੈਸਲਾ ਸੁਣਾਏ ਜਾਣ ਮਗਰੋਂ ਹਿੰਸਾ 'ਚ ਸ਼ਾਮਲ ਸਨ। ਪੰਜਾਬ ਅੰਦਰ ਸਾੜ-ਫੂਕ ਤੇ ਭੰਨ-ਤੋੜ ਕਰਨ ਦੇ ਦੋਸ਼ਾਂ 'ਚ ਡੇਰਾ ਪ੫ੇਮੀ ਮੌਜੂਦਾ ਸਮੇਂ 'ਚ ਜ਼ਮਾਨਤਾਂ 'ਤੇ ਹਨ। ਡੇਰਾ ਮੁਖੀ ਦੇ ਫ਼ੈਸਲੇ ਦੇ ਮੱਦੇਨਜ਼ਰ ਖੁਫ਼ੀਆ ਤੰਤਰ ਵੀ ਸਰਗਰਮ ਹੋ ਗਿਆ ਹੈ। ਡੇਰਾ ਪ੫ੇਮੀਆਂ ਦੀ ਹਰ ਹਰਕਤ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਐੱਸਐੱਸਪੀ ਬਿਠੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਡੇਰਾ ਮੁਖੀ ਦੇ ਕੇਸ ਦੇ ਫ਼ੈਸਲੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਹਨ। ਵੱਖ-ਵੱਖ ਪੈਟਰੋਿਲੰਗ ਪਾਰਟੀਆਂ ਦੀ ਜ਼ਿਲ੍ਹੇ ਅੰਦਰ ਗਸ਼ਤ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਵਿਸ਼ੇਸ਼ ਨਾਕੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਫੋਰਸ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਰਸਾ ਨਾਲ ਸਬੰਧਿਤ ਡੇਰਿਆਂ ਅੱਗੇ ਪੁਲਿਸ ਦਾ ਸਖ਼ਤ ਪਹਿਰਾ ਲਾਇਆ ਗਿਆ ਹੈ।

-ਕੌਣ ਸੀ ਛਤਰਪਤੀ

ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਸਿਰਸਾ ਤੋਂ ਇੱਕ ਰੋਜ਼ਾਨਾ ਅਖਬਾਰ 'ਪੂਰਾ ਸੱਚ' ਛਾਪਦੇ ਹੁੰਦੇ ਸਨ। ਜਦੋਂ ਉਨ੍ਹਾਂ ਇੱਕ ਅਣਪਛਾਤੀ ਪੀੜਤ ਕੁੜੀ ਦੀ ਚਿੱਠੀ ਛਾਪੀ ਸੀ। 24 ਅਕਤੂਬਰ 2002 ਨੂੰ ਸਿਰਸਾ ਸਥਿਤ ਉਸ ਦੇ ਆਪਣੇ ਘਰ ਅੰਦਰ ਹੀ ਬਹੁਤ ਨੇੜਿਓਂ ਗੋਲੀ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਬਾਅਦ 'ਚ ਸਥਾਨਕ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇੱਥੇ ਵਰਨਣਯੋਗ ਹੈ ਕਿ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ 'ਚ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਗਿਆ ਸੀ। ਉਸ ਤੋਂ ਇਲਾਵਾ ਡੇਰਾ ਮੈਨੇਜਰ ਕਿ੍ਰਸ਼ਨ ਲਾਲ ਤੇ ਦੋ ਸ਼ਾਰਪ-ਸੂਟਰ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਵੀ ਇਸੇ ਮਾਮਲੇ 'ਚ ਮੁਲਜ਼ਮ ਹਨ।

-ਦੋ ਮਾਮਲੇ ਹੋਰ ਸੁਣਵਾਈ ਅਧੀਨ

ਅਜੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਦੋ ਮਾਮਲੇ ਹੋਰ ਪੈਂਡਿੰਗ ਪਏ ਹਨ। ਇੱਕ ਤਾਂ ਉਸ ਦੇ ਆਪਣੇ

ਸ਼ਰਧਾਲੂ ਰਣਜੀਤ ਸਿੰਘ ਦੇ ਕਤਲ ਨਾਲ ਸਬੰਧਤ ਹੈ; ਜਿਸ ਦੀ ਸੁਣਵਾਈ ਹੁਣ ਆਖਰੀ ਗੇੜ ਵਿੱਚ ਹੈ। ਦੂਜਾ ਮਾਮਲਾ ਡੇਰਿਆਂ ਦੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਹੈ। ਇਸ ਕੇਸ ਵਿੱਚ ਚਲਾਨ ਪਹਿਲਾਂ ਹੀ ਪੇਸ਼ ਹੋ ਚੁੱਕਾ ਹੈ।