ਗੁਰਮੀਤ ਸਿੰਘ, ਵਲਟੋਹਾ : ਖੇਮਕਰਨ-ਪੱਟੀ ਮਾਰਗ 'ਤੇ ਪੈਂਦੇ ਪਿੰਡ ਦਾਸੂਵਾਲ ਨੇੜੇ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਮੋਟਰਸਾਈਕਲ ਚਾਲਕ ਤੇ ਉਸ ਦੇ ਵੱਡੇ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਤੇ ਛੋਟੇ ਲੜਕੇ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਫਕੀਰ ਸਿੰਘ ਕਾਲੋਨੀ ਅੰਨਗੜ੍ਹ ਜ਼ਿਲ੍ਹਾ ਅੰਮਿ੍ਤਸਰ ਪਤਨੀ ਤੇ ਬੱਚਿਆਂ ਨਾਲ ਰਿਸ਼ਤੇਦਾਰਾਂ ਨੂੰ ਮਿਲ ਕੇ ਮੋਟਰਸਾਈਕਲ (ਪੀਬੀ-46-ਐੱਸ-9743) 'ਤੇ ਵਲਟੋਹਾ ਤੋਂ ਪੱਟੀ ਜਾ ਰਿਹਾ ਸੀ। ਪਿੰਡ ਦਾਸੂਵਾਲ ਨੇੜੇ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ (ਪੀਬੀ-05-ਏਐੱਚ-7676) ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਮਲਕੀਤ ਸਿੰਘ ਅਤੇ ਉਸ ਦੇ ਵੱਡੇ ਲੜਕੇ ਦੀ ਮੌਤ ਹੋ ਗਈ ਜਦੋਂਕਿ ਪਤਨੀ ਅਤੇ ਛੋਟੇ ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਵਲਟੋਹਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪੱਟੀ ਰੈਫਰ ਕਰ ਦਿੱਤਾ ਗਿਆ।

ਮੌਕੇ 'ਤੇ ਪਹੁੰਚੇ ਏਐੱਸਆਈ ਲਖਵਿੰਦਰ ਸਿੰਘ ਅਤੇ ਏਐੱਸਆਈ ਕੇਵਲ ਸਿੰਘ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਡਰਾਈਵਰ ਦੀ ਪਛਾਣ ਜੰਗਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਸਤਗੜ੍ਹ ਥਾਣਾ ਖੇਮਕਰਨ ਵਜੋਂ ਹੋਈ ਹੈ। ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਤਲਾਹ ਕਰ ਦਿੱਤੀ ਗਈ ਹੈ, ਜਿਨ੍ਹਾਂ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।