ਰਮੇਸ਼ ਰਾਮਪੁਰਾ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੀਨੀਅਰ ਟੈਕਨੀਸ਼ੀਅਨ ਤੇਜਿੰਦਰ ਭਾਨ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਐਡਮ ਬਲਾਕ ਤੋਂ ਪੈਦਲ ਰੋਸ ਮਾਰਚ ਕੱਢ ਕੇ ਪਹਿਲਾਂ ਬੋਟਨੀ ਵਿਭਾਗ ਮੂਹਰੇ ਅਤੇ ਫਿਰ ਵੀਸੀ ਡਾ. ਜਸਪਾਲ ਸਿੰਘ ਸੰਧੂ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਰੋਸ ਮਾਰਚ ਅਤੇ ਧਰਨੇ ਦੀ ਅਗਵਾਈ ਪ੍ਰਧਾਨ ਹਰਦੀਪ ਸਿੰਘ ਨਾਗਰਾ ਅਤੇ ਸਕੱਤਰ ਬਲਬੀਰ ਸਿੰਘ ਗਰਚਾ ਨੇ ਸਾਂਝੇ ਤੌਰ 'ਤੇ ਕੀਤੀ। ਧਰਨੇ 'ਚ ਕਲੈਰੀਕਲ ਅਤੇ ਟੈਕਨੀਕਲ ਨਾਲ ਸਬੰਧਿਤ ਪੰਜ ਸੈਂਕੜੇ ਤੋਂ ਵੱਧ ਮੁਲਾਜ਼ਮਾਂ ਨੇ ਟੈਕਨੀਸ਼ੀਅਨ ਤੇਜਿੰਦਰ ਭਾਨ ਸਿੰਘ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।

ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਟੈਕਨੀਸ਼ੀਅਨ ਤੇਜਿੰਦਰ ਭਾਨ ਸਿੰਘ ਨੇ ਬੋਟਨੀ ਵਿਭਾਗ ਦੇ ਮੁਖੀ ਡਾ. ਮਨਪ੍ਰੀਤ ਭੱਟੀ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਡਾ. ਭੱਟੀ ਨੇ ਮੰਗਲਵਾਰ ਦੁਪਹਿਰ ਸਾਢੇ ਗਿਆਰਾਂ ਵਜੇ ਦੇ ਕਰੀਬ ਉਸ ਨੂੰ ਦਫ਼ਤਰ ਬੁਲਾ ਕੇ ਉਸ ਦਾ ਫੋਨ ਖੋਹਣ ਉਪਰੰਤ ਹੱਥੋਪਾਈ ਕਰਦਿਆਂ ਪਗੜੀ ਉਤਾਰਨ ਦੇ ਨਾਲ ਮੱਥੇ ਉੱਤੇ ਸੱਟ ਵੀ ਮਾਰੀ ਅਤੇ ਦੁਰਵਿਹਾਰ ਕੀਤਾ।

ਇਸ ਸਬੰਧੀ ਟੈਕਨੀਸ਼ੀਅਨ ਤੇਜਿੰਦਰ ਭਾਨ ਸਿੰਘ ਨੇ ਕਿਹਾ ਕਿ ਬੋਟਨੀ ਵਿਭਾਗ ਦੇ ਮੌਜੂਦਾ ਮੁਖੀ ਡਾ. ਮਨਪ੍ਰੀਤ ਭੱਟੀ ਨੇ ਵਿਭਾਗ ਦੇ ਪਹਿਲਾਂ ਰਹਿ ਚੁੱਕੇ ਮੁਖੀ ਸਤਵਿੰਦਰ ਕੌਰ ਤੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਹੋਈ ਹੈ।

ਐਸੋਸੀਏਸ਼ਨ ਵੱਲੋਂ ਪੀੜਤ ਦੇ ਹੱਕ ਵਿਚ ਨਾਅਰਾ ਮਾਰਦਿਆਂ ਮੁੱਖ ਮੰਗ ਰੱਖੀ ਕਿ ਹੱਥੋਪਾਈ ਕਰਨ ਦੇ ਨਾਲ ਪਗੜੀ ਉਤਾਰਨ ਅਤੇ ਸੱਟ ਲਗਾਉਣ ਵਾਲੇ ਡਾ. ਮਨਪ੍ਰੀਤ ਭੱਟੀ 'ਤੇ ਐੱਫਆਈਆਰ ਦਰਜ ਕੀਤੀ ਜਾਵੇ। ਵੀਸੀ ਦੇ ਸ਼ਹਿਰੋਂ ਬਾਹਰ ਹੋਣ ਕਰਕੇ ਐਸੋਸੀਏਸ਼ਨ ਦਾ ਵਫ਼ਦ ਪੀੜਤ ਨੂੰ ਨਾਲ ਲੈ ਕੇ ਡੀਨ ਪ੍ਰੋਫੈਸਰ ਸਰਬਜੋਤ ਸਿੰਘ ਬਹਿਲ ਅਤੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੂੰ ਮਿਲਿਆ। ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਦੋਵਾਂ ਅਧਿਕਾਰੀਆਂ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ ਅਤੇ ਉਨ੍ਹਾਂ ਵਲੋਂ ਸਕਿਓਰਟੀ ਅਫ਼ਸਰ ਦੀ ਡਿਊਟੀ ਲਗਾਈ ਗਈ ਹੈ ਜੋ ਵੀ ਰਿਪੋਰਟ ਸਕਿਉਰਟੀ ਅਫਸਰ ਪੇਸ਼ ਕਰੇਗਾ ਉਸ ਆਧਾਰ 'ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਡੀਨ ਨੂੰ ਸੌਂਪ ਚੁੱਕਾਂ ਹਾਂ ਲਿਖਤੀ ਸ਼ਿਕਾਇਤ : ਡਾ. ਮਨਪ੍ਰੀਤ ਭੱਟੀ

ਬੋਟਨੀ ਵਿਭਾਗ ਦੇ ਮੁਖੀ ਡਾ. ਮਨਪ੍ਰੀਤ ਭੱਟੀ ਨਾਲ ਜਦੋਂ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਸੰਪਰਕ ਕੀਤਾ ਗਿਆ ਤਾਂ ਭੱਟੀ ਨੇ ਕਿਹਾ ਕਿ ਉਹ ਇਸ ਮਸਲੇ ਸਬੰਧੀ ਕੁਝ ਨਹੀਂ ਕਹਿਣਾ ਚਾਹੁੰਦੇ। ਟੈਕਨੀਸ਼ੀਅਨ ਵੱਲੋਂ ਉਨ੍ਹਾਂ ਦੀ ਬਾਂਹ ਮਰੋੜੀ ਗਈ ਸੀ ਜਿਸ ਸਬੰਧੀ ਉਹ ਡੀਨ ਨੂੰ ਲਿਖਤੀ ਸ਼ਿਕਾਇਤ ਭੇਜ ਚੁੱਕੇ ਹਨ।

Posted By: Seema Anand