ਅੰਮਿ੍ਤਪਾਲ ਸਿੰਘ, ਅੰਮਿ੍ਤਸਰ: ਸੀਨੀਅਰ ਐਡਵੋਕੇਟ ਐੱਚ ਐੱਸ ਫੂਲਕਾ ਨੇ ਸਿੱਖ ਸੇਵਕ ਸੰਗਠਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਸਿੱਖ ਸੇਵਕ ਆਰਮੀ ਦਾ ਗਠਨ ਕੀਤਾ ਹੈ। ਵਿਸ਼ੇਸ਼ ਤੌਰ 'ਤੇ ਪਹੁੰਚੇ ਐੱਚ ਅੈੱਸ ਫੂਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਹਾਲਾਤ ਤੋਂ ਸਿਆਸੀਕਰਨ ਖ਼ਤਮ ਕਰਨ ਲਈ ਸਿੱਖ ਸੇਵਕ ਆਰਮੀ ਦਾ ਗਠਨ ਕੀਤਾ ਗਿਅਾ ਹੈ ਜਿਸ ਨਾਲ ਪਿੰਡ ਅਤੇ ਵਾਰਡ ਪੱਧਰ ਤੇ ਨਿਯੁਕਤੀਆਂ ਕਰਕੇ ਇਸ ਸੰਗਠਨ ਰਾਹੀਂ ਚੋਣਾਂ ਲੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਆਪ ਇਸ ਚੋਣ ਵਿੱਚ ਹਿੱਸਾ ਨਹੀਂ ਲੈਣਗੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਿਆਸੀਕਰਨ ਭਾਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅੈਸਜੀਪੀਸੀ ਮੈਂਬਰ ਨੂੰ ਜਨਰਲ ਚੋਣਾਂ ਲੜਨ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ, ਸਿੱਖ ਸੇਵਕ ਆਰਮੀ ਵਿੱਚ ਵੈੱਬਸਾਈਟ ਰਾਹੀਂ ਅਤੇ ਫੋਨ ਨੰਬਰਾਂ ਰਾਹੀਂ ਭਰਤੀ ਕੀਤੀ ਜਾਵੇਗੀ। ਪਹਿਲੇ ਪੱਧਰ ਉੱਤੇ ਪੰਜ ਹਜ਼ਾਰ ਵਲੰਟੀਅਰ ਇਸ ਸੇਵਕ ਫੋਰਸ ਵਿੱਚ ਹਿੱਸਾ ਲੈਣਗੇ। ਸਿੱਖ ਸੇਵਕ ਆਰਮੀ ਵਿੱਚ ਸਿੰਘ ਸਭਾਵਾਂ ਅਤੇ ਸੇਵਕ ਜਥਾ ਇਸ਼ਨਾਨ ਦੇ ਨੁਮਾਇੰਦਿਆਂ ਨੂੰ ਨੁਮਾਇੰਦਗੀ ਦੇਣ ਦੇ ਨਾਲ ਐੱਸਜੀਪੀਸੀ ਚੋਣਾਂ ਲੜਾਈਆਂ ਜਾਣਗੀਆਂ ਜੋ ਗੁਰੂ ਘਰ ਦੀ ਨਿਸ਼ਕਾਮ ਸੇਵਾ ਨਿਭਾਅ ਸਕਣਗੇ। ਉਨ੍ਹਾਂ ਕਿਹਾ ਕਿ ਸੇਵਕ ਜੱਥਾ ਦੇ ਮੈਂਬਰਾਂ ਨੂੰ ਕਿਸੇ ਵੀ ਭਾਵਨਾ ਕਾਰਨ ਲਾਲਚ ਨਹੀਂ ਹੁੰਦਾ। ਇਸ ਸਮੇਂ ਸਿਆਸੀਕਰਨ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪੂਰੀ ਤਰ੍ਹਾਂ ਸਿਆਸੀਕਰਨ ਹੈ ਅਤੇ ਲਾਲਚੀ ਲੋਕ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ ਅਤੇ ਜਨਰਲ ਚੋਣਾਂ ਵੀ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਲੜਨਗੇ ਅਤੇ ਇਸ ਸੰਗਠਨ ਦੀ ਨਿਗਰਾਨੀ ਲਈ ਬੁੱਧੀਜੀਵੀਆਂ ਦਾ ਪੈਨਲ ਗਠਨ ਕੀਤਾ ਜਾ ਰਿਹਾ ਹੈ ਜਿਹੜੇ ਬੁੱਧੀਜੀਵੀ ਇਸ ਪੈਨਲ ਵਿੱਚ ਹੋਣਗੇ ਉਹ ਵੀ ਚੋਣ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਇਹ ਭਰਤੀ ਇੱਕ ਮਹੀਨੇ ਵਿੱਚ ਪੂਰੀ ਕਰ ਦਿੱਤੀ ਜਾਵੇਗੀ ਅਤੇ ਅਗਾਂਹ ਰਣਨੀਤੀ ਤਿਆਰ ਕੀਤੀ ਜਾਵੇਗੀ।

ਸੱਜਣ ਕੁਮਾਰ ਦੀ ਸਜ਼ਾ ਬਰਕਰਾਰ ਰਹੇ

ਸੀਨੀਅਰ ਵਕੀਲ ਐੱਚਅੈੱਸ ਫੂਲਕਾ ਨੇ ਕਿਹਾ ਕਿ ਸੱਜਣ ਕੁਮਾਰ ਵੱਲੋਂ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਗਈ ਹੈ। ਉਨ੍ਹਾਂ ਵਲੋਂ ਕੇਸ ਵਿੱਚ ਇਹ ਪੂਰੀ ਸਮਰੱਥਾ ਲਗਾਈ ਜਾਵੇਗੀ ਕਿ ਸੱਜਣ ਕੁਮਾਰ ਦੀ ਸਜ਼ਾ ਬਰਕਰਾਰ ਰਹੇ। ਫੂਲਕਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸੱਜਣ ਕੁਮਾਰ ਨੂੰ ਹੋਈ ਸਜ਼ਾ ਕਿਸੇ ਵੀ ਕੀਮਤ ਤੇ ਘੱਟ ਨਹੀਂ ਹੋਵੇਗੀ ਅਤੇ ਜੋ ਸਜ਼ਾ ਅਦਾਲਤ ਵੱਲੋਂ ਦਿੱਤੀ ਗਈ ਹੈ ਉਹ ਹੀ ਬਰਕਰਾਰ ਰਹੇਗੀ ਫੁਲਕਾਂ ਨੇ ਕਿਹਾ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੱਜਣ ਕੁਮਾਰ ਦੇ ਕੇਸ ਦੀ ਤਰੀਕ ਹੈ ਅਤੇ ਉਹ ਆਪਣੇ ਪੱਖ ਲੈ ਕੇ ਅਦਾਲਤ ਵਿੱਚ ਪੇਸ਼ ਹੋਣਗੇ।

Posted By: Amita Verma