ਹਰੀਕੇ ਪੱਤਣ : ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਪਾਣੀ ਅੱਜਕੱਲ੍ਹ ਸਿਆਸਤਦਾਨਾਂ ਤੇ ਦੇ ਨਿਸ਼ਾਨੇ 'ਤੇ ਆਇਆ ਹੋਇਆ ਹੈ। ਹਾਲਾਂਕਿ ਨਹਿਰੀ ਵਿਭਾਗ ਦੀ ਮੰਨੀਏ ਤਾਂ ਸੰਭਾਵੀ ਹੜ੍ਹਾਂ ਦੇ ਖ਼ਦਸ਼ੇ ਕਾਰਨ ਇਹ ਪਾਣੀ ਡਾਊਨ ਸਟਰੀਮ ਰਾਹੀਂ ਪਾਕਿਸਤਾਨ ਵਾਲੇ ਪਾਸੇ ਛੱਡਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ 5 ਜੂਨ ਨੂੰ ਪਾਣੀ ਦੀ ਆਮਦ 30 ਹਜ਼ਾਰ 082 ਕਿਉਸਿਕ ਦਰਜ ਕੀਤੀ ਗਈ ਜਦੋਂਕਿ ਲਹਿੰਦੇ ਪਾਸੇ 12 ਹਜ਼ਾਰ 300 ਕਿਉਸਿਕ ਪਾਣੀ ਛੱਡਿਆ ਗਿਆ। ਨਹਿਰਾਂ ਨੂੰ ਦਿੱਤੇ ਜਾਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਫੀਡਰ 6 ਹਜ਼ਾਰ 840 ਤੇ ਰਾਜਸਥਾਨ ਫੀਡਰ ਨੂੰ 11 ਹਜ਼ਾਰ 645 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਸੀ।

ਪਾਣੀ ਦੀ ਆਮਦ ਲਗਾਤਾਰ ਵਧਣ ਕਾਰਨ 12 ਜੂਨ ਨੂੰ ਅੱਪ ਸਟਰੀਮ 31 ਹਜ਼ਾਰ 865 ਤੇ ਡਾਊਨ ਸਟਰੀਮ 12 ਹਜ਼ਾਰ 380 ਕਿਉਸਿਕ ਤਕ ਪਹੁੰਚ ਗਈ। ਰਾਜਸਥਾਨ ਫੀਡਰ 11 ਹਜ਼ਾਰ 895 ਤੇ ਫਿਰੋਜ਼ਪੁਰ ਫੀਡਰ 7500 ਕਿਉਸਿਕ ਰਿਕਾਰਡ ਕੀਤੀਆਂ ਗਈਆਂ।

ਅਚਾਨਕ ਪਾਣੀ ਦੇ ਇਸ ਵਾਧੇ ਕਾਰਨ ਜਿੱਥੇ ਲਹਿੰਦੇ ਪਾਸੇ ਵੱਸਦੇ ਕਿਸਾਨਾਂ ਦੀ ਕਿਸੇ ਕਿਸਮ ਦਾ ਜਾਨੀ-ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ ਪਰ ਹਰੀਕੇ ਹੈੱਡ ਵਰਕਸ 'ਤੇ ਪਹੁੰਚ ਕੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਮੁਖਾਤਿਬ ਹੋ ਕੇ ਲੋਕ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਸਾਜ਼ਿਸ਼ ਤਹਿਤ ਸੂਬੇ ਦਾ ਪਾਣੀ ਪਾਕਿਸਤਾਨ ਨੂੰ ਦੇ ਕੇ ਪੰਜਾਬ ਨੂੰ ਦੂਜਾ ਰਾਜਸਥਾਨ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਕੀ ਕਹਿੰਦੇ ਹਨ ਨਹਿਰੀ ਵਿਭਾਗ ਦੇ ਅਧਿਕਾਰੀ

ਨਹਿਰੀ ਵਿਭਾਗ ਦੇ ਐਕਸੀਅਨ ਰਾਜੀਵ ਕੁਮਾਰ ਗੋਇਲ ਮੁਤਾਬਕ ਪਹਾੜੀ ਖੇਤਰਾਂ ਵਿਚ ਜ਼ਿਆਦਾ ਮੀਂਹ ਹੋਣ ਤੇ ਭਾਰੀ ਤਾਦਾਦ ਵਿਚ ਬਰਫ ਪਿਘਲਣ ਕਰ ਕੇ 3 ਰਾਜਾਂ ਨਾਲ ਲੱਗਦੇ ਸਾਰੇ ਡੈਮਾਂ ਦੇ ਪਾਣੀ ਦਾ ਪੱਧਰ ਬੀਤੇ ਵਰ੍ਹੇ ਦੇ ਮੁਕਾਬਲੇ ਜ਼ਿਆਦਾ ਹੋਣ ਕਰ ਕੇ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਹੁਣ ਪਾਣੀ ਰਿਲੀਜ਼ ਨਹੀਂ ਕੀਤਾ ਜਾਂਦਾ ਤਾਂ ਜਿਸ ਰਫ਼ਤਾਰ ਨਾਲ ਪਾਣੀ ਵੱਧ ਰਿਹਾ ਹੈ ਉਸ ਨੂੰ ਵੇਖ ਕੇ ਮੁੜ ਸਾਲ 1988 ਵਾਲੇ ਹੜ੍ਹਾਂ ਵਰਗੀ ਸਥਿਤੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।