ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸੋਸ਼ਲ ਮੀਡੀਆ ਬੇਸ਼ੱਕ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਥਾਨਕ ਸਰਕਾਰਾਂ ਮੰਤਰੀ ਰਹੇ ਅਨਿਲ ਜੋਸ਼ੀ ਦੇ ਕਾਂਗਰਸ 'ਚ ਸ਼ਾਮਲ ਹੋਣ ਦਾ ਪ੍ਰਚਾਰ ਕਰ ਰਿਹਾ ਹੈ ਪਰ ਹਾਲੇ ਤਕ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਖ਼ੁਦ ਅਨਿਲ ਜੋਸ਼ੀ ਨੇ ਵੀ ਇਸ ਬਾਰੇ ਅਜੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ ਲੋਕ ਸਭਾ ਚੋਣਾਂ ਲਈ ਅਨਿਲ ਜੋਸ਼ੀ ਨੇ ਭਾਜਪਾ ਕੋਲ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੋਈ ਹੈ। ਇਨ੍ਹਾਂ ਤੋਂ ਇਲਾਵਾ ਰਜਿੰਦਰਮੋਹਨ ਸਿੰਘ ਛੀਨਾ ਤੇ ਹੋਰ ਇਕ-ਦੋ ਚਿਹਰਿਆਂ 'ਤੇ ਵੀ ਪਾਰਟੀ 'ਚ ਟਿਕਟ ਦੇਣ ਲਈ ਚਰਚਾ ਚੱਲ ਰਹੀ ਹੈ। ਇਸ ਪ੍ਰਚਾਰ ਨੂੰ ਸ਼ਰਾਰਤ ਵੀ ਸਮਝਿਆ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਇਸ ਚਰਚਾ ਤੋਂ ਬਾਅਦ ਭਾਜਪਾ ਵੱਲੋਂ ਜਾਰੀ ਸਪਸ਼ਟੀਕਰਨ ਅਨੁਸਾਰ ਅਨਿਲ ਜੋਸ਼ੀ ਨੂੰ ਜਨਤਾ ਵੱਲੋਂ ਮਿਲਦਾ ਅਥਾਹ ਪਿਆਰ ਦੇਖ ਕੇ ਕੁਝ ਬਹਿਰੂਪੀਏ ਬੁਖ਼ਲਾਹਟ 'ਚ ਆ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਿਸੇ ਵਿਆਹ ਸਮਾਗਮ ਦੀ ਕਾਂਗਰਸ ਵਿਧਾਇਕ ਡਾ. ਰਾਜ ਕੁਮਾਰ ਦੇ ਨਾਲ ਵਾਲੀ ਫੋਟੋ ਪਾ ਕੇ ਜਨਤਾ ਨੂੰ ਗੁਮਰਾਹ ਕਰ ਰਹੇ ਹਨ ਅਤੇ ਕੂੜ ਪ੍ਰਚਾਰ ਕਰ ਰਹੇ ਹਨ। ਅਨਿਲ ਜੋਸ਼ੀ ਨੇ ਗੁਰੂ ਨਗਰੀ ਦੇ ਨਾਲ ਹੀ ਪੂਰੇ ਪੰਜਾਬ ਦਾ ਇਤਿਹਾਸਿਕ ਵਿਕਾਸ ਕਰਵਾ ਕੇ ਆਪਣੇ ਕੰਮਾਂ ਦਾ ਲੋਹਾ ਮਨਵਾਇਆ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ।

ਅਨਿਲ ਜੋਸ਼ੀ ਜੀ ਕਾਂਗਰਸੀਆਂ ਨੂੰ ਤਾਂ ਭਾਜਪਾ ਵਿਚ ਸ਼ਾਮਿਲ ਕਰਵਾ ਸਕਦੇ ਹਨ ਅਤੇ ਹੁਣ ਤਕ ਸੈਂਕੜੇ ਕਾਂਗਰਸੀ ਵਰਕਰ ਭਾਜਪਾ ਵਿਚ ਸ਼ਾਮਿਲ ਕਰਵਾਏ ਵੀ ਹਨ, ਪਰ ਬੀਜੇਪੀ ਉਨ੍ਹਾਂ ਦੇ ਖ਼ੂਨ ਵਿਚ ਹੈ ਅਤੇ ਉਹ ਭਾਜਪਾ ਦੇ ਇਕ ਯੋਧੇ ਸਿਪਾਹੀ ਹਨ।

ਇਹ ਹਰਕਤ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਡਰ ਹੈ ਕਿ ਅਨਿਲ ਜੋਸ਼ੀ ਭਾਜਪਾ ਵੱਲੋਂ ਲੋਕ ਸਭਾ ਅੰਮ੍ਰਿਤਸਰ ਦੇ ਉਮੀਦਵਾਰ ਨਾ ਬਣ ਜਾਣ। ਜੇਕਰ ਅਨਿਲ ਜੋਸ਼ੀ ਭਾਜਪਾ ਵਲੋਂ ਚੋਣ ਮੈਦਾਨ 'ਚ ਉਤਰਦੇ ਹਨ ਤਾਂ ਇਨ੍ਹਾਂ ਕਾਂਗਰਸੀਆਂ ਦੀ ਜ਼ਮਾਨਤ ਜ਼ਬਤ ਹੋ ਜਾਣੀ ਹੈ।

Posted By: Seema Anand