ਸਟਾਫ ਰਿਪੋਰਟਰ, ਅੰਮਿ੍ਤਸਰ : 'ਦੈਨਿਕ ਜਾਗਰਣ' ਅਤੇ 'ਪੰਜਾਬੀ ਜਾਗਰਣ' ਦਾ 'ਭਾਰਤ ਰੱਖਿਆ ਪਰਵ ਰੱਥ' ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰੱਖੜੀਆਂ ਲੈ ਕੇ ਮੰਗਲਵਾਰ ਸ਼ਾਮ ਜੇਸੀਪੀ ਅਟਾਰੀ ਬਾਰਡਰ 'ਤੇ ਪਹੁੰਚਿਆ। ਜੁਆਇੰਟ ਚੈੱਕ ਪੋਸਟ (ਅਟਾਰੀ) ਉੱਤੇ ਤਾਇਨਾਤ ਬਾਰਡਰ ਸਕਿਓਰਿਟੀ ਫੋਰਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਅਤੇ ਰਾਸ਼ਟਰੀ ਬਾਲ ਸਿੱਖਿਆ ਕੇਂਦਰ ਦੀਆਂ ਬੱਚੀਆਂ ਨੇ ਰੱਖੜੀ ਬੰਨ੍ਹੀਆਂ।

ਜੇਸੀਪੀ ਅਟਾਰੀ ਪੁੱਜਣ 'ਤੇ ਬੀਐੱਸਐੱਫ ਦੇ ਡਿਪਟੀ ਕਮਾਡੈਂਟ ਡੀਐੱਸ ਪਵਾਰ ਅਤੇ ਡਿਪਟੀ ਕਮਾਡੈਂਟ ਚੰਦਰਾ ਦੀਪ ਨੇ ਇਸ ਰੱਥ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਬੀਐੱਸਐੱਫ ਦੇ ਕਮਾਡੈਂਟ ਐੱਮ.ਕੇ. ਝਾਅ ਅਤੇ ਕੰਪਨੀ ਕਮਾਂਡਰ ਅਨਿਲ ਕੁਮਾਰ ਚੌਹਾਨ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਪ੍ਰਭਾਕਰ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ ਅਤੇ ਰਾਸ਼ਟਰੀ ਬਾਲ ਸਿੱਖਿਆ ਕੇਂਦਰ ਦੇ ਪ੍ਰਿੰਸੀਪਲ ਦਿਨੇਸ਼ ਕਪੂਰ ਨੇ ਇੰਡੀਆ ਗੇਟ ਉੱਤੇ ਭਾਰਤ ਰੱਖਿਆ ਪਰਵ ਰੱਥ ਦਾ ਸਵਾਗਤ ਕੀਤਾ। ਜੇਸੀਪੀ ਅਟਾਰੀ ਉੱਤੇ ਝੰਡੇ ਦੀ ਰਸਮ ਤੋਂ ਪਹਿਲਾਂ ਬੱਚੀਆਂ ਨੇ ਵੀਰ ਜਵਾਨਾਂ ਦੇ ਰੱਖੜੀਆਂ ਬੰਨ੍ਹੀਆਂ। ਵੀਰ ਜਵਾਨਾਂ ਨੇ ਰੱਖੜੀ ਬੰਨ੍ਹਵਾਉਣ ਦੇ ਬਾਅਦ ਪਿਆਰ ਨਾਲ ਆਪਣਾ ਹੱਥ ਬੱਚੀਆਂ ਦੇ ਸਿਰ ਉੱਤੇ ਰੱਖ ਕੇ ਅਸ਼ੀਰਵਾਦ ਦਿੱਤਾ।

ਬੱਚੀਆਂ ਨੇ ਰੱਖੜੀ ਬੰਨ੍ਹਣ ਦੇ ਬਾਅਦ ਆਪਣੇ ਭਰਾਵਾਂ ਦਾ ਮੂੰਹ ਵੀ ਮਿੱਠਾ ਕਰਵਾਇਆ। ਦੋਵਾਂ ਸਕੂਲਾਂ ਦੀਆਂ ਬੱਚੀਆਂ ਨੇ ਗਿੱਧਾ ਪਾ ਕੇ ਸਾਰਿਆਂ ਨੂੰ ਪੰਜਾਬੀ ਸੱਭਿਆਚਾਰ ਦੀ ਝਲਕ ਵਿਖਾਈ।

ਇਸ ਮੌਕੇ ਦੈਨਿਕ ਜਾਗਰਣ ਦੇ ਚੀਫ ਰਿਪੋਰਟਰ ਵਿਪਨ ਕੁਮਾਰ ਰਾਣਾ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਂਦੀਆਂ ਰੱਖੜੀਆਂ ਦੇ ਕਰੀਬ ਦਰਜਨਾਂ ਬਾਕਸ ਅਤੇ ਮਠਿਆਈ ਸਹਾਇਕ ਕਮਾਡੈਂਟ ਅਨਿਲ ਕੁਮਾਰ ਚੌਹਾਨ ਨੂੰ ਭੇਟ ਕੀਤੇ। ਇਸ ਮੌਕੇ ਅਧਿਆਪਕਾ ਰਿੰਪੀ ਸ਼ਰਮਾ, ਕੋਚ ਬਲਦੇਵ ਰਾਜ, ਰਾਸ਼ਟਰੀ ਬਾਲ ਸਿੱਖਿਆ ਕੇਂਦਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਕਪੂਰ, ਸੰਦੀਪ ਕਪੂਰ, ਰਿਤੁ ਭੰਡਾਰੀ, ਸੋਨੀਆ ਆਦਿ ਵੀ ਮੌਜੂਦ ਸਨ।