ਪੰਜਾਬੀ ਜਾਗਰਣ ਟੀਮ, ਛੇਹਰਟਾ/ ਅੰਮਿ੍ਤਸਰ : ਭਾਰਤ-ਪਾਕਿ ਸਰਹੱਦ 'ਤੇ ਹੈਰੋਇਨ ਤੇ ਜਾਅਲੀ ਕਰੰਸੀ ਦਾ ਕਾਰੋਬਾਰ ਕਰਨ ਵਾਲੇ ਏਐੱਸਆਈ ਅਵਤਾਰ ਸਿੰਘ ਨੇ ਮੰਗਲਵਾਰ ਦੀ ਸਵੇਰ ਸਪੈਸ਼ਲ ਟਾਸਕ ਫੋਰਸ (STF) ਦੀ ਹਵਾਲਾਤ ਵਿਚ ਖ਼ੁਦ ਨੂੰ ਗੋਲ਼ੀਆਂ ਮਾਰ ਕੇ ਖ਼ੁਦਕੁਸ਼ੀ ਕਰ ਲਈ। ਐੱਸਟੀਐੱਫ ਨੇ ਸੋਮਵਾਰ ਦੀ ਦੇਰ ਰਾਤ ਕੌਮਾਂਤਰੀ ਸਰਹੱਦ ਨੇੜੇ ਸਥਿਤ ਘਰਿੰਡਾ ਥਾਣੇ 'ਚ ਤਾਇਨਾਤ ਏਐੱਸਆਈ ਅਵਤਾਰ ਸਿੰਘ ਤੇ ਏਐੱਸਆਈ ਜ਼ੋਰਾਵਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਨੇ ਸੰਤਰੀ ਦੀ ਏਕੇ-47 ਤੋਂ ਕੁਲ ਪੰਜ ਗੋਲ਼ੀਆਂ ਚਲਾਈਆਂ ਜਿਨ੍ਹਾਂ ਵਿਚੋਂ ਦੋ ਉਸ ਦੀ ਠੋਡੀ ਵਿਚ ਲੱਗੀਆਂ ਤੇ ਤਿੰਨ ਗੋਲ਼ੀਆਂ ਕੰਧ ਵਿਚ ਜਾ ਲੱਗੀਆਂ। ਘਟਨਾ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪੁਲਿਸ ਤੇ ਐੱਸਟੀਐੱਫ ਦੇ ਆਹਲਾ ਅਧਿਕਾਰੀ ਮੌਕੇ 'ਤੇ ਪੁੱਜੇ। ਬੁੱਧਵਾਰ ਦੀ ਸਵੇਰੇ ਨਿਆਇਕ ਅਧਿਕਾਰੀ ਦੀ ਨਿਗਰਾਨੀ ਹੇਠ ਮੋਹਕਮਪੁਰਾ ਥਾਣੇ ਦੀ ਪੁਲਿਸ ਅਵਤਾਰ ਸਿੰਘ ਦਾ ਪੋਸਟਮਾਰਟਮ ਕਰਵਾਏਗੀ।

ਜਾਣਕਾਰੀ ਅਨੁਸਾਰ ਏਐੱਸਆਈ ਅਵਤਾਰ ਸਿੰਘ ਤੇ ਏਐੱਸਆਈ ਜ਼ੋਰਾਵਰ ਸਿੰਘ ਨੂੰ ਸੋਮਵਾਰ ਦੀ ਰਾਤ ਮਾਲ ਮੰਡੀ ਸਥਿਤ ਐੱਸਟੀਐੱਫ ਥਾਣੇ ਦੀ ਹਵਾਲਾਤ ਵਿਚ ਰੱਖਿਆ ਹੋਇਆ ਸੀ। ਮੰਗਲਵਾਰ ਤੜਕੇ ਅਵਤਾਰ ਸਿੰਘ ਨੇ ਆਪਣੀ ਨਿਗਰਾਨੀ ਵਿਚ ਤਾਇਨਾਤ ਸੰਤਰੀ ਤੋਂ ਪੀਣ ਲਈ ਪਾਣੀ ਮੰਗਿਆ। ਸੰਤਰੀ ਪਾਣੀ ਲੈਣ ਦੂਜੇ ਕਮਰੇ ਵਿਚ ਗਿਆ ਤਾਂ ਆਪਣੀ ਏਕੇ-47 ਹਵਾਲਾਤ ਕੋਲ ਹੀ ਰੱਖ ਗਿਆ। ਮੌਕਾ ਪਾ ਕੇ ਅਵਤਾਰ ਸਿੰਘ ਨੇ ਰਾਈਫਲ ਚੁੱਕੀ ਤੇ ਠੋਡੀ ਨਾਲ ਲਾ ਕੇ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀਆਂ ਦੀ ਆਵਾਜ਼ ਸੁਣ ਤੇ ਐੱਸਟੀਐੱਫ ਦਾ ਸਾਰਾ ਸਟਾਫ ਹਵਾਲਾਤ ਵੱਲ ਦੌੜਿਆ। ਅਵਤਾਰ ਸਿੰਘ ਦਾ ਲਹੂ-ਲੁਹਾਨ ਸਰੀਰ ਜ਼ਮੀਨ 'ਤੇ ਡਿੱਗਾ ਸੀ। ਤੁਰੰਤ ਪੁਲਿਸ ਦੇ ਆਹਲਾ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ।

ਅਵਤਾਰ ਸਿੰਘ ਦੇ ਪਰਿਵਾਰ ਵਿਚ ਉਸ ਦੀ ਪਤਨੀ ਜਸਵਿੰਦਰ ਕੌਰ, ਵੱਡੀ ਬੇਟੀ ਪ੍ਰੀਤੀ, ਬੇਟਾ ਮਨੀ ਆਸਟ੍ਰੇਲੀਆ ਵਿਚ ਰਹਿੰਦੇ ਹਨ। ਛੋਟਾ ਬੇਟਾ ਪੜ੍ਹਾਈ ਕਰ ਰਿਹਾ ਹੈ।