ਅੰਮ੍ਰਿਤਸਰ- ਅੰਮ੍ਰਿਤਸਰ 'ਚ ਦੇਰ ਰਾਤ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼ ਕਾਰਨ ਦਹਿਸ਼ਤ ਦਾ ਮਾਹੌਲ ਹੈ। ਦੇਰ ਰਾਤ ਕਰੀਬ ਸਵਾ ਇਕ ਵਜੇ ਹੋਏ ਜ਼ੋਰਦਾਰ ਧਮਾਕਿਆਂ ਨਾਲ ਸ਼ਹਿਰ ਦੇ ਲੋਕ ਸਹਿਮੇ ਹੋਏ ਹਨ। ਧਮਾਕਿਆਂ ਦੀ ਵਜ੍ਹਾ ਬਾਰੇ ਪਤਾ ਨਾ ਹੋਣ ਕਾਰਨ ਇੱਥੇ ਦਹਿਸ਼ਤ ਹੋਰ ਵੱਧ ਗਈ ਹੈ। ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸ਼ਹਿਰ ਨੇੜੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ ਬਾਅਦ 'ਚ ਪਤਾ ਚੱਲਿਆ ਕਿ ਦੇਰ ਰਾਤ ਭਾਰਤੀ ਹਵਾਈ ਫ਼ੌਜ ਨੇ ਜ਼ਬਰਦਸਤ ਐਕਸਰਸਾਈਜ਼ ਕੀਤੀ ਹੈ। ਹੋ ਸਕਦਾ ਹੈ ਕਿ ਇਹ ਧਮਾਕਿਆਂ ਦੀ ਆਵਾਜ਼ ਸੁਪਰਸੋਨਿਕ ਗ੍ਰਹਿਆਂ ਤੋਂ ਨਿਕਲੀ ਹੋਵੇ।

ਪਹਿਲਾਂ ਤੋਂ ਚਰਚਾ ਸੁਣਨ ਨੂੰ ਮਿਲ ਰਹੀ ਸੀ ਕਿ ਇਹ ਧਮਾਕੇ ਹਵਾਈ ਜਹਾਜ਼ ਦੇ ਨੇੜਿਓਂ ਲੰਘਣ ਕਾਰਨ ਹੋਏ ਹਨ ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕੋਲ ਦੋ ਧਮਾਕੇ ਹੋਏ ਹਨ ਪਰ ਹਵਾਈ ਜਹਾਜ਼ ਦੇ ਨਹੀਂ ਲੱਗਦੇ। ਅਜਿਹੀ ਜਾਣਕਾਰੀ ਮਿਲੀ ਸੀ ਕਿ ਧਮਾਕੇ ਇੰਨੇ ਜ਼ੋਰਦਾਰ ਸਨ ਕਿ ਆਵਾਜ਼ ਸਿਰਫ ਅੰਮ੍ਰਿਤਸਰ ਸ਼ਹਿਰ ਹੀ ਨਹੀਂ ਬਲਕਿ ਨੇੜਲੇ ਖੇਤਰਾਂ ਛੇਹਰਟਾਂ ਆਦਿ 'ਚ ਵੀ ਸੁਣਾਈ ਦਿੱਤੀ। ਕਈ ਥਾਂ ਲੋਕ ਦਹਿਸ਼ਤ ਦੇ ਮਾਰੇ ਘਰਾਂ ਅੰਦਰੋਂ ਬਾਹਰ ਨਿਕਲ ਗਏ।

ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਟੀਮਾਂ ਨੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਜਾ ਕੇ ਜਾਂਚ ਕੀਤੀ ਤੇ ਘਰਾਂ ਦੇ ਬਾਹਰ ਡਰ ਦੇ ਮਾਰੇ ਬੈਠੇ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਪ੍ਰਸ਼ਾਸਨ ਨੇ ਜ਼ਮੀਨ 'ਤੇ ਕਿਸੇ ਤਰ੍ਹਾਂ ਦੇ ਧਮਾਕੇ ਤੇ ਨੁਕਸਾਨ ਦੀ ਪੁਸ਼ਟੀ ਹੋਣ ਤੋਂ ਇਨਕਾਰ ਕੀਤਾ ਹੈ।

ਸ਼ਹਿਰ 'ਚ ਕਈ ਥਾਂ ਪੁਲਿਸ ਨੇ ਲੋਕਾਂ ਨੂੰ ਸਮਝਾ ਕੇ ਘਰਾਂ ਨੂੰ ਭੇਜ ਦਿੱਤਾ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਐੱਸਐੱਸ ਸ਼੍ਰੀਵਾਸਤਵ ਤੇ ਡੀਸੀ ਸ਼ਿਵ ਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਅਜੇ ਤਕ ਧਮਾਕੇ ਕਿੱਥੇ ਹੋਏ ਹਨ ਤੇ ਇਸ ਦੀ ਜਾਣਕਾਰੀ ਨਹੀਂ ਮਿਲੀ ਹੈ। ਜਾਂਚ ਕੀਤੀ ਜਾ ਰਹੀ ਹੈ। ਸੀਪੀ ਨੇ ਕਿਹਾ ਕਿ ਧਮਾਕੇ ਜਹਾਜ਼ ਦੀ ਵਜ੍ਹਾ ਨਾਲ ਸੋਨਿਕ ਬੂਮ ਵੀ ਹੋ ਸਕਦੇ ਹਨ। ਡੀਸੀ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਡਰਨ ਨਾ।

ਇਸ ਨਾਲ ਹੀ ਡੀਸੀ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਇਹ ਧਮਾਕੇ ਫਾਈਟਰ ਜਹਾਜ਼ ਤੋਂ ਨਿਕਲਣ ਵਾਲੀ ਸੁਪਰਸੋਨਿਕ ਬੂਮ ਸੀ। ਦੂਜੇ ਪਾਸੇ ਸੂਤਰ ਦੱਸ ਰਹੇ ਹਨ ਕਿ ਏਅਰਫੋਰਸ ਨੇ ਬੀਤੀ ਰਾਤ ਪੰਜਾਬ ਤੇ ਜੰਮੂ-ਕਸ਼ਮੀਰ ਦੇ ਹਿੱਸਿਆਂ 'ਚ ਮੌਕ ਡਰਿੱਲ ਕੀਤੀ ਹੈ। ਇਸ ਵਿਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਸੁਪਰਸੋਨਿਕ ਸਪੀਡ ਨਾਲ ਸਰਹੱਦੀ ਜ਼ਿਲ੍ਹਿਆਂ ਉੱਪਰੋਂ ਨਿਕਲੇ ਤੇ ਇਸ ਕਾਰਨ ਇਹ ਧਮਾਕੇ ਵਰਗੀਆਂ ਆਵਾਜ਼ਾਂ ਕੱਢੀ।

Posted By: Amita Verma