ਯਮਨ 'ਚ ਫ਼ੌਜ ਨੂੰ ਰਾਜਧਾਨੀ ਵੱਲ ਕੂਚ ਕਰਨ ਦਾ ਆਦੇਸ਼

Updated on: Tue, 05 Dec 2017 05:30 PM (IST)
  

05 ਸੀਐੱਨਟੀ 1004

-ਜਲਾਵਤਨ ਰਾਸ਼ਟਰਪਤੀ ਨੇ ਸਾਊਦੀ ਅਰਬ ਤੋਂ ਜਾਰੀ ਕੀਤਾ ਆਦੇਸ਼

-ਸਾਲੇਹ ਦੀ ਹੱਤਿਆ ਪਿੱਛੋਂ ਹੌਥੀ ਵਿਦਰੋਹੀਆਂ ਖ਼ਿਲਾਫ਼ ਜੰਗ ਤੇਜ਼

ਸਨਾ (ਏਐੱਫਪੀ) : ਯਮਨ ਦੇ ਜਲਾਵਤਨ ਰਾਸ਼ਟਰਪਤੀ ਅਬਦਰਾਬੂ ਮਨਸੂਰ ਹਾਦੀ ਨੇ ਆਪਣੇ ਪਹਿਲੇ ਸ਼ਾਸਕ ਦੀ ਹੱਤਿਆ ਪਿੱਛੋਂ ਫ਼ੌਜ ਨੂੰ ਰਾਜਧਾਨੀ ਸਨਾ ਵੱਲ ਕੂਚ ਕਰਨ ਦਾ ਆਦੇਸ਼ ਦਿੱਤਾ ਹੈ। ਈਰਾਨ ਸਮਰਥਿਤ ਵਿਦਰੋਹੀਆਂ ਨੇ ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਦੀ ਹੱਤਿਆ ਕਰ ਦਿੱਤੀ।

ਰਾਸ਼ਟਰਪਤੀ ਹਾਦੀ ਨੇ ਯਮਨ ਦੇ ਨਾਗਰਿਕਾਂ ਤੋਂ ਸਾਲੇਹ ਦੀ ਹੱਤਿਆ ਕਰਨ ਵਾਲੇ ਹੌਥੀ ਵਿਦਰੋਹੀਆਂ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਦੇ ਰਾਸ਼ਟਰਪਤੀ ਹਾਦੀ ਨੂੰ ਗੱਠਜੋੜ ਟੁੱਟਣ 'ਤੇ ਸਨਾ ਛੱਡ ਕੇ ਸਾਊਦੀ ਅਰਬ ਵਿਚ ਸ਼ਰਨ ਲੈਣੀ ਪਈ ਹੈ।

ਸਾਊਦੀ ਅਰਬ ਤੋਂ ਸੋਮਵਾਰ ਨੂੰ ਦਿੱਤੇ ਆਪਣੇ ਟੈਲੀਵਿਜ਼ਨ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਇਨ੍ਹਾਂ ਅਪਰਾਧਿਕ ਸਮੂਹਾਂ ਦਾ ਕੰਟਰੋਲ ਖ਼ਤਮ ਕਰਨ ਲਈ ਇਕਜੁੱਟਤਾ ਅਤੇ ਯਮਨ ਨੂੰ ਇਸ ਸੰਕਟ ਤੋਂ ਕੱਢਣ ਲਈ ਇਕ ਨਵਾਂ ਅਧਿਆਏ ਸ਼ੁਰੂ ਕਰਨ ਲਈ ਹੱਥ ਮਿਲਾਉਣ ਦੀ ਜ਼ਰੂਰਤ ਹੈ। ਯਮਨ 'ਤੇ ਤਿੰਨ ਦਹਾਕੇ ਤਕ ਰਾਜ ਕਰਨ ਵਾਲੇ 76 ਸਾਲਾ ਸਾਲੇਹ ਨੇ 2014 ਵਿਚ ਸ਼ੀਆ ਹੌਥੀ ਵਿਦਰੋਹੀਆਂ ਨਾਲ ਹੱਥ ਮਿਲਾ ਲਿਆ ਸੀ। ਤਦ ਤੋਂ ਇਨ੍ਹਾਂ ਵਿਦਰੋਹੀਆਂ ਦਾ ਸਨਾ ਸਮੇਤ ਯਮਨ ਦੇ ਵੱਡੇ ਹਿੱਸੇ 'ਤੇ ਕਬਜ਼ਾ ਹੈ। ਸਾਲੇਹ ਪਿਛਲੇ ਹਫ਼ਤੇ ਖ਼ੂਨੀ ਝੜਪਾਂ ਵਿਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਪਿੱਛੋਂ ਹੌਥੀ ਵਿਦਰੋਹੀਆਂ ਨਾਲ ਗੱਠਜੋੜ ਖ਼ਤਮ ਕਰ ਕੇ ਸਾਊਦੀ ਅਗਵਾਈ ਵਾਲੇ ਗੱਠਜੋੜ ਵੱਲ ਚਲੇ ਗਏ ਸਨ। ਸਾਊਦੀ ਗੱਠਜੋੜ ਸਤੰਬਰ 2015 ਤੋਂ ਹੌਥੀ ਵਿਦਰੋਹੀਆਂ ਖ਼ਿਲਾਫ਼ ਹਵਾਈ ਹਮਲੇ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਸਿਆਸੀ ਖਿੱਚੋਤਾਣ ਅਤੇ ਅਸਥਿਰਤਾ ਵਿਚਕਾਰ ਯਮਨ ਵਿਚ 2015 ਤੋਂ ਗ੍ਰਹਿ ਯੁੱਧ ਚੱਲ ਰਿਹਾ ਹੈ। ਇਸ ਵਿਚ ਹੁਣ ਤਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਰਾਸ਼ਟਰਪਤੀ ਹਾਦੀ ਦੇ ਇਕ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਉਪ ਰਾਸ਼ਟਰਪਤੀ ਅਲੀ ਮੋਹਸਿਨ ਅਲ-ਅਹਮਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਫ਼ੌਜੀ ਯੂਨਿਟਾਂ ਨੂੰ ਸਰਗਰਮ ਕਰਨ ਅਤੇ ਉਨ੍ਹਾਂ ਨੂੰ ਸਨਾ ਵੱਲ ਕੂਚ ਕਰਾਉਣ। ਫ਼ੌਜੀ ਸੂਤਰਾਂ ਨੇ ਕਿਹਾ ਕਿ ਫ਼ੌਜ ਸੱਤ ਬਟਾਲੀਅਨ ਦੇ ਨਾਲ ਪੂਰਬ ਤੋਂ ਪੂਰਬ ਉੱਤਰ ਵੱਲੋਂ ਸਨਾ ਵੱਲ ਵਧੇਗੀ। ਦੂਸਰੇ ਪਾਸੇ ਸਾਊਦੀ ਅਰਬ ਦੀ ਅਗਵਾਈ ਵਾਲੀ ਫ਼ੌਜ ਨੇ ਵੀ ਮੰਗਲਵਾਰ ਨੂੰ ਸਨਾ 'ਤੇ ਕਈ ਮਿਜ਼ਾਈਲਾਂ ਦਾਗੀਆਂ।

ਬੇਟੇ ਨੇ ਕੀਤੀ ਬਦਲਾ ਲੈਣ ਦੀ ਅਪੀਲ

ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਦੇ ਬੇਟੇ ਅਹਿਮਦ ਅਲੀ ਸਾਲੇਹ ਨੇ ਮੰਗਲਵਾਰ ਨੂੰ ਆਪਣੇ ਪਿਤਾ ਦੀ ਹੱਤਿਆ ਦਾ ਹੌਥੀ ਵਿਦਰੋਹੀਆਂ ਤੋਂ ਬਦਲਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਆਖਰੀ ਹੌਥੀ ਨੂੰ ਯਮਨ ਤੋਂ ਬੇਦਖਲ ਕੀਤੇ ਜਾਣ ਤਕ ਲੜਾਈ ਦੀ ਅਗਵਾਈ ਕਰਾਂਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Yemen leader orders advance on Sanaa as predecessor killed