08 ਸੀਐੱਨਟੀ 1005

-ਵ੍ਹਾਈਟ ਹਾਊਸ 'ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਦੀ ਹੋਈ ਸੀ ਗਰਮਾਗਰਮ ਬਹਿਸ

ਵਾਸ਼ਿੰਗਟਨ (ਪੀਟੀਆਈ) : ਵ੍ਹਾਈਟ ਹਾਊਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਗਰਮਾਗਰਮ ਬਹਿਸ ਪਿੱਛੋਂ ਸੀਐੱਨਐੱਨ ਪੱਤਰਕਾਰ ਅਕੋਸਟਾ ਦੀ ਪ੍ਰੈੱਸ ਮਾਨਤਾ ਰੱਦ ਕਰ ਦਿੱਤੀ ਹੈ। ਵ੍ਹਾਈਟ ਹਾਊਸ ਨੇ ਅਕੋਸਟਾ ਦੇ ਵਿਹਾਰ ਨੂੰ ਅਸੱਭਿਅਕ ਅਤੇ ਅਪਮਾਨਜਨਕ ਵੀ ਕਰਾਰ ਦਿੱਤਾ ਹੈ। ਅਮਰੀਕੀ ਨਿਊਜ਼ ਚੈਨਲ ਸੀਐੱਨਐੱਨ ਨੇ ਆਪਣੇ ਪੱਤਰਕਾਰ ਦਾ ਬਚਾਅ ਕਰਦੇ ਹੋਏ ਇਸ ਕਾਰਵਾਈ ਨੂੰ ਲੋਕਤੰਤਰ ਲਈ ਖ਼ਤਰਾ ਕਰਾਰ ਦਿੱਤਾ ਹੈ।

ਕਿਉਂ ਭੜਕੇ ਟਰੰਪ?

ਹਾਲ ਹੀ ਦੇ ਦਿਨਾਂ 'ਚ ਟਰੰਪ ਅਤੇ ਸੀਐੱਨਐੱਨ ਦੇ ਸਬੰਧ ਕੁਝ ਚੰਗੇ ਨਹੀਂ ਰਹੇ ਹਨ। ਟਰੰਪ ਨੇ ਸੀਐੱਨਐੱਨ 'ਤੇ ਫੇਕ ਨਿਊਜ਼ ਦੇਣ ਦਾ ਵੀ ਦੋਸ਼ ਲਗਾਇਆ ਹੈ। ਟਰੰਪ ਨਾਜਾਇਜ਼ ਅਪਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਮਰੀਕਾ ਲਈ ਖ਼ਤਰਾ ਦੱਸਦੇ ਹਨ। ਵ੍ਹਾਈਟ ਹਾਊਸ 'ਚ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਅਕੋਸਟਾ ਨੇ ਮੈਕਸੀਕੋ ਰਸਤੇ ਅਮਰੀਕਾ ਵੱਲ ਵੱਧ ਰਹੇ ਸ਼ਰਨਾਰਥੀਆਂ ਦੇ ਕਾਰਵਾਂ 'ਤੇ ਸਵਾਲ ਪੁੱਿਛਆ ਤਾਂ ਟਰੰਪ ਭੜਕ ਗਏ। ਉਨ੍ਹਾਂ ਨੇ ਪਹਿਲੇ ਤਾਂ ਇਸ ਸਵਾਲ ਨੂੰ ਟਾਲਣ ਦੀ ਕੋਸ਼ਿਸ ਕੀਤੀ ਪ੍ਰੰਤੂ ਜਦੋਂ ਅਕੋਸਟਾ ਵਾਰ-ਵਾਰ ਆਪਣਾ ਸਵਾਲ ਦੁਹਰਾਉਂਦੇ ਰਹੇ ਤਾਂ ਨਾਰਾਜ਼ ਟਰੰਪ ਨੇ ਕਿਹਾ, 'ਬਸ ਹੁਣ ਬਹੁਤ ਹੋਇਆ, ਤੁਸੀਂ ਬੈਠ ਜਾਉ।' ਇਸ ਪਿੱਛੋਂ ਵ੍ਹਾਈਟ ਹਾਊਸ ਦੀ ਇਕ ਇੰਟਰਨ ਨੇ ਉਨ੍ਹਾਂ ਤੋਂ ਮਾਈਯੋਫੋਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਇਸ 'ਤੇ ਟਰੰਪ ਨੇ ਕਿਹਾ ਕਿ ਪੱਤਰਕਾਰ ਦੇ ਵਿਹਾਰ ਲਈ ਸੀਐੱਨਐੱਨ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ।

ਸੀਐੱਨਐੱਨ ਨੇ ਨਹੀਂ ਚਲਾਇਆ ਸੀ ਟਰੰਪ ਦਾ ਚੋਣ ਇਸ਼ਤਿਹਾਰ

ਸੀਐੱਨਐੱਨ ਨੇ ਇਸ ਹਫ਼ਤੇ ਦੇ ਸ਼ੁਰੂ 'ਚ ਟਰੰਪ ਦੇ ਇਕ ਚੋਣ ਇਸ਼ਤਿਹਾਰ ਨੂੰ ਨਸਲੀ ਕਰਾਰ ਦਿੰਦੇ ਹੋਏ ਚਲਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਇਹ ਇਸ਼ਤਿਹਾਰ ਟਰੰਪ ਦੀਆਂ ਸਖ਼ਤ ਅਪਰਵਾਸੀ ਨੀਤੀਆਂ ਨਾਲ ਸਬੰਧਿਤ ਸੀ। ਰਾਸ਼ਟਰਪਤੀ ਦੇ ਬੇਟੇ ਟਰੰਪ ਜੂਨੀਅਰ ਨੇ ਸੀਐੱਨਐੱਨ ਦੇ ਇਸ ਕਦਮ ਦੀ ਨਿੰਦਾ ਕੀਤੀ ਸੀ।