ਨਿੱਕੀ ਹੇਲੀ ਦੇ ਨਿਵਾਸ 'ਚ ਲੱਗੇ 35 ਲੱਖ ਦੇ ਪਰਦੇ

Updated on: Fri, 14 Sep 2018 05:56 PM (IST)
  

ਨਿਊਯਾਰਕ (ਪੀਟੀਆਈ) : ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ (ਯੂਐੱਨ) 'ਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਦੇ ਅਧਿਕਾਰਕ ਨਿਵਾਸ 'ਚ ਪਰਦੇ ਲਾਉਣ 'ਤੇ 52 ਹਜ਼ਾਰ 701 ਡਾਲਰ (ਕਰੀਬ 35 ਲੱਖ ਰੁਪਏ) ਖ਼ਰਚ ਕਰ ਦਿੱਤੇ। ਇਸ ਨੂੰ ਲੈ ਕੇ ਵਿਦੇਸ਼ ਮੰਤਰਾਲਾ ਸਵਾਲਾਂ ਦੇ ਘੇਰੇ 'ਚ ਹੈ ਕਿਉਂਕਿ ਉਸ ਸਮੇਂ ਖ਼ਰਚ 'ਚ ਕਟੌਤੀ ਕੀਤੀ ਜਾ ਰਹੀ ਸੀ। ਇੱਥੋਂ ਤਕ ਕਿ ਨਵੇਂ ਸਫੀਰਾਂ ਦੀ ਨਿਯੁਕਤੀ ਵੀ ਬੰਦ ਸੀ।

ਨਿਊਯਾਰਕ ਟਾਈਮਜ਼ 'ਚ ਛਪੀ ਇਕ ਰਿਪੋਰਟ ਮੁਤਾਬਿਕ ਭਾਰਤਵੰਸ਼ੀ ਹੇਲੀ ਲਈ ਮੰਤਰਾਲੇ ਨੇ 2016 'ਚ ਇੱਥੇ ਯੂਐੱਨ ਹੈੱਡਕੁਆਰਟਰ ਦੇ ਨਜ਼ਦੀਕ ਹੀ ਇਕ ਅਪਾਰਟਮੈਂਟ ਲੀਜ਼ 'ਤੇ ਲਿਆ। ਇਸ ਅਪਾਰਟਮੈਂਟ ਲਈ ਹਰ ਮਹੀਨੇ 58 ਹਜ਼ਾਰ ਡਾਲਰ (ਕਰੀਬ 41 ਲੱਖ ਰੁਪਏ) ਭਰੇ ਜਾਂਦੇ ਹਨ। ਹੇਲੀ ਦੇ ਤਰਜਮਾਨ ਨੇ ਕਿਹਾ ਕਿ ਇਸ 'ਚ ਹੇਲੀ ਦੀ ਕੋਈ ਭੂਮਿਕਾ ਨਹੀਂ ਹੈ। ਰਿਪੋਰਟ ਮੁਤਾਬਿਕ, ਜਦੋਂ ਇਹ ਪਰਦੇ ਖ਼ਰੀਦੇ ਜਾ ਰਹੇ ਸਨ ਤਾਂ ਖ਼ਰਚ ਕਟੌਤੀ ਦੀ ਵਜ੍ਹਾ ਨਾਲ ਵਿਦੇਸ਼ ਮੰਤਰਾਲੇ 'ਚ ਨਿਯੁਕਤੀਆਂ ਬੰਦ ਸਨ। ਪਰਦਿਆਂ 'ਤੇ ਕੀਤਾ ਗਿਆ ਖ਼ਰਚ ਸ਼ਹਿਰੀ ਵਿਕਾਸ ਮੰਤਰੀ ਬੇਨ ਕਾਰਸਨ ਦੇ ਦਫ਼ਤਰ ਲਈ 31 ਹਜ਼ਾਰ ਡਾਲਰ 'ਚ ਖ਼ਰੀਦੇ ਗਏ ਡਾਈਨਿੰਗ ਰੂਮ ਸੈੱਟ ਤੋਂ ਕਿਤੇ ਜ਼ਿਆਦਾ ਹੈ। ਉਦੋਂ ਇਸ ਬਾਰੇ ਖ਼ਬਰ ਛਪਣ 'ਤੇ ਟਰੰਪ ਕਾਰਸਨ ਨੂੰ ਬਰਖ਼ਾਸਤ ਕਰਨ 'ਤੇ ਵਿਚਾਰ ਕਰ ਰਹੇ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: USD 52701 spent on curtains for Nikki Haley official residence amid deep budget cuts