ਅੱਤਵਾਦ ਦੇ ਖਾਤਮੇ ਲਈ ਗੰਭੀਰ ਕੋਸ਼ਿਸ਼ ਕਰੇ ਪਾਕਿਸਤਾਨ

Updated on: Mon, 04 Dec 2017 04:53 PM (IST)
  

- ਪਾਕਿਸਤਾਨ ਪਹੁੰਚਦੇ ਹੀ ਰੱਖਿਆ ਮੰਤਰੀ ਮੈਟਿਸ ਦਾ ਬਿਆਨ

ਇਸਲਾਮਾਬਾਦ (ਰਾਇਟਰ) : ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਸੋਮਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚ ਗਏ। ਉੱਥੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਿਆਸੀ ਅਤੇ ਫ਼ੌਜੀ ਲੀਡਰਸ਼ਿਪ ਨੂੰ ਉੁਨ੍ਹਾਂ ਅੱਤਵਾਦੀ ਸੰਗਠਨਾਂ ਦੇ ਖਾਤਮੇ ਦੀ ਕੋਸ਼ਿਸ਼ ਵਧਾਉਣੀ ਪਵੇਗੀ ਜੋ ਸਰਹੱਦ ਪਾਰ ਅਫ਼ਗਾਨਿਸਤਾਨ 'ਚ ਹਮਲੇ ਕਰਦੇ ਹਨ।

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੱਖਣੀ ਏਸ਼ੀਆਈ ਨੀਤੀ ਦੇ ਸੌ ਦਿਨ ਬੀਤ ਜਾਣ ਮਗਰੋਂ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਮੁਹਿੰਮ ਨੂੰ ਹਾਲੇ ਸੀਮਤ ਸਫ਼ਲਤਾ ਮਿਲੀ ਹੈ। ਇਹ ਸਾਫ਼ ਨਹੀਂ ਹੈ ਕਿ ਇਹ ਮੁਹਿੰਮ ਸਫ਼ਲਤਾ ਵੱਲ ਕਿਵੇਂ ਵਧੇਗੀ। ਅਮਰੀਕੀ ਅਧਿਕਾਰੀ ਇਸ ਗੱਲ ਤੋਂ ਨਾਰਾਜ਼ ਹਨ ਕਿ ਤਾਲਿਬਾਨ ਅਤੇ ਹੱਕਾਨੀ ਨੈਟਵਰਕ ਦੇ ਅੱਤਵਾਦੀ ਪਾਕਿਸਤਾਨ ਦੀ ਧਰਤੀ ਦਾ ਸਹੂਲਤ ਮੁਤਾਬਕ ਇਸਤੇਮਾਲ ਕਰ ਰਹੇ ਹਨ। ਉੱਥੋਂ ਤਿਆਰ ਹੋ ਕੇ ਉਹ ਮਰਜ਼ੀ ਮੁਤਾਬਕ, ਅਫ਼ਗਾਨਿਸਤਾਨ 'ਚ ਹਮਲਾ ਕਰਦੇ ਹਨ। ਯਾਤਰਾ ਤੋਂ ਪਹਿਲਾਂ ਰੱਖਿਆ ਮੰਤਰੀ ਮੈਟਿਸ ਨੇ ਕਿਹਾ ਕਿ ਅਸੀਂ ਪਾਕਿਸਤਾਨੀ ਨੇਤਾਵਾਂ ਦੇ ਮੂੰਹ ਤੋਂ ਸੁਣਿਆ ਹੈ ਕਿ ਉਹ ਅੱਤਵਾਦ ਦੀ ਹਮਾਇਤ ਨਹੀਂ ਕਰਦੇ। ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਜ਼ਮੀਨੀ ਪੱਧਰ 'ਤੇ ਕਰ ਕੇ ਦਿਖਾਉਣ। ਇਹ ਉਨ੍ਹਾਂ ਦੇ ਵੀ ਹਿੱਤ 'ਚ ਹੋਵੇਗਾ। ਇਸ ਨਾਲ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਦਾ ਵਾਤਾਵਰਣ ਬਣੇਗਾ। ਰੱਖਿਆ ਮੰਤਰੀ ਦੇ ਰੂਪ 'ਚ ਮੈਟਿਸ ਪਹਿਲੀ ਵਾਰੀ ਪਾਕਿਸਤਾਨ ਪਹੁੰਚੇ ਹਨ। ਉਨ੍ਹਾਂ ਦੀ ਯਾਤਰਾ ਦਾ ਮਕਸਦ ਅੱਤਵਾਦ ਨਾਲ ਲੜਨ ਲਈ ਪਾਕਿਸਤਾਨ ਨੂੰ ਨਾਲ ਲਿਆਉਣਾ ਹੈ।

ਅਗਸਤ 'ਚ ਰਾਸ਼ਟਰਪਤੀ ਟਰੰਪ ਨੇ ਅਫ਼ਗਾਨਿਸਤਾਨ ਨੂੰ ਲੈ ਕੇ ਨਵੀਂ ਅਮਰੀਕੀ ਨੀਤੀ ਦਾ ਐਲਾਨ ਕੀਤਾ ਸੀ। ਉਸ 'ਚ ਪਾਕਿਸਤਾਨ ਦੀ ਭੂਮਿਕਾ ਨੂੰ ਲੈ ਕੇ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਸਨ ਜਦਕਿ ਭਾਰਤੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ ਸੀ। ਅਮਰੀਕਾ ਪਾਕਿਸਤਾਨ ਦੀ ਅੱਤਵਾਦ ਨੂੰ ਹਮਾਇਤ ਦੇਣ ਵਾਲੀ ਨੀਤੀ 'ਚ ਬਦਲਾਅ ਚਾਹੁੰਦਾ ਹੈ। ਪਰ ਹਾਲੇ ਤਕ ਅਮਰੀਕਾ ਨੂੰ ਆਪਣੇ ਮਕਸਦ 'ਚ ਸਫ਼ਲਤਾ ਨਹੀਂ ਮਿਲੀ। ਅਫ਼ਗਾਨਿਸਤਾਨ 'ਚ ਮੌਜੂਦ ਅਮਰੀਕਾ ਦੇ ਪ੍ਰਮੁੱਖ ਜਨਰਲ ਜੌਨ ਨਿਕਲਸਨ ਨੇ ਪਿਛਲੇ ਹਫ਼ਤੇ ਹੀ ਕਿਹਾ ਹੈ ਕਿ ਪਾਕਿਸਤਾਨ ਨੂੰ ਅਸੀਂ ਸਿੱਧੇ ਅਤੇ ਸਪਸ਼ਟ ਤੌਰ 'ਤੇ ਦੱਸਣਾ ਚਾਹੁੰਦੇ ਹਾਂ ਕਿ ਜ਼ਮੀਨੀ ਹਾਲਾਤ 'ਚ ਕੋਈ ਬਦਲਾਅ ਨਹੀਂ ਆਇਆ। ਅੱਤਵਾਦੀ ਪਾਕਿਸਤਾਨੀ ਸਰਹੱਦ ਅੰਦਰ ਬੇਰੋਕ ਟੋਕ ਆਪਣਾ ਕੰਮ ਕਰ ਰਹੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: U.S. defence chief arrives in Pakistan but few signs of progress for Trump strategy