ਰੋਹਿੰਗਿਆਂ ਖ਼ਿਲਾਫ਼ ਨਫ਼ਰਤ ਫੈਲਾਉਣ 'ਚ ਫੇਸਬੁੱਕ ਜ਼ਿੰਮੇਵਾਰ : ਯੂਐੱਨ

Updated on: Tue, 13 Mar 2018 05:57 PM (IST)
  

- ਜਾਂਚ ਟੀਮ ਨੇ ਲਗਾਇਆ ਇਹ ਦੋਸ਼

ਜਨੇਵਾ (ਆਈਏਐੱਨਐੱਸ) : ਸੰਯੁਕਤ ਰਾਸ਼ਟਰ (ਯੂਐੱਨ) ਦੇ ਮਨੁੱਖੀ ਅਧਿਕਾਰ ਮਾਹਿਰਾਂ ਨੇ ਮਿਆਂਮਾਰ 'ਚ ਰੋਹਿੰਗਿਆ ਮੁਸਲਮਾਨਾਂ 'ਤੇ ਹੋਈ ਹਿੰਸਾ 'ਚ ਫੇਸਬੁੱਕ ਦੀ ਭੂਮਿਕਾ ਨੂੰ ਲੈ ਕੇ ਸਵਾਲ ਉਠਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਉੱਥੇ ਫੇਸਬੁੱਕ ਰਾਹੀਂ ਨਫ਼ਰਤ ਫੈਲਾਉਣ ਵਾਲੇ ਸੰਦੇਸ਼ ਪ੍ਰਸਾਰਿਤ ਕੀਤੇ ਗਏ। ਮਿਆਂਮਾਰ ਮਾਮਲੇ 'ਚ ਯੂਐੱਨ ਇੰਡੀਪੈਂਡੈਂਟ ਇੰਟਰਨੈਸ਼ਨਲ ਫੈਕਟ ਫਾਈਂਡਿੰਗ ਮਿਸ਼ਨ ਦੇ ਚੇਅਰਮੈਨ ਮਾਰਜੁਕੀ ਦਾਰੂਸਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਰੋਹਿੰਗਿਆਂ ਖ਼ਿਲਾਫ਼ ਵਿਰੋਧੀ ਅਤੇ ਭੜਕਾਊ ਵਿਚਾਰ ਫੈਲਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਕਾਰਨ ਹਿੰਸਾ ਨੇ ਖ਼ਤਰਨਾਕ ਰੂਪ ਲਿਆ। ਫੇਸਬੁੱਕ ਨੇ ਫਿਲਹਾਲ ਇਨ੍ਹਾਂ ਦੋਸ਼ਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ। ਹਾਲਾਂਕਿ ਪਹਿਲਾਂ ਉਸ ਨੇ ਇਨ੍ਹਾਂ ਸੰਦੇਸ਼ਾਂ ਨੂੰ ਹਟਾਉਣ ਅਤੇ ਇਨ੍ਹਾਂ ਨੂੰ ਫੈਲਾ ਰਹੇ ਯੂਜ਼ਰ ਨੂੰ ਪਾਬੰਦੀਸ਼ੁਦਾ ਕਰਨ ਦਾ ਦਾਅਵਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ 'ਚ ਰੋਹਿੰਗਿਆ ਅੱਤਵਾਦੀਆਂ ਨੇ ਰਖਾਈਨ ਸੂਬੇ ਦੇ ਕਈ ਪੁਲਿਸ ਸਟੇਸ਼ਨਾਂ 'ਚ ਅੱਗ ਲਗਾ ਦਿੱਤੀ ਸੀ। ਇਸ ਤੋਂ ਬਾਅਦ ਮਿਆਂਮਾਰ ਫ਼ੌਜ ਦੀ ਜਵਾਬੀ ਕਾਰਵਾਈ ਤੋਂ ਬਾਅਦ ਕਰੀਬ ਸੱਤ ਲੱਖ ਰੋਹਿੰਗਿਆ ਮੁਸਲਮਾਨਾਂ ਨੂੰ ਬੰਗਲਾਦੇਸ਼ 'ਚ ਸ਼ਰਨ ਲੈਣੀ ਪਈ। ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਬੈਠਕ 'ਚ ਯੂਐੱਨ ਜਾਂਚਕਰਤਾ ਯਾਂਘੀ ਲੀ ਨੇ ਕਿਹਾ ਕਿ ਮਿਆਂਮਾਰ 'ਚ ਫੇਸਬੁੱਕ ਦਾ ਇਸਤੇਮਾਲ ਕਰ ਕੇ ਭੜਕਾਊ ਬਿਆਨ ਫੈਲਾਏ ਗਏ। ਯਾਦ ਰਹੇ ਕਿ ਲੀ ਨੇ ਪਿਛਲੇ ਸਾਲ ਉੱਥੇ ਹੋਈ ਹਿੰਸਾ 'ਤੇ ਇਕ ਰਿਪੋਰਟ ਪੇਸ਼ ਕੀਤੀ ਸੀ। ਰਿਪੋਰਟ ਨੂੰ ਇਕਪਾਸੜ ਕਰਾਰ ਦੇ ਕੇ ਉਨ੍ਹਾਂ ਨੂੰ ਮਿਆਂਮਾਰ 'ਚ ਪਾਬੰਦੀ ਲਗਾ ਦਿੱਤੀ ਗਈ। ਪਿਛਲੇ ਹਫ਼ਤੇ ਸ੍ਰੀਲੰਕਾ ਸਰਕਾਰ ਨੇ ਕੈਂਡੀ ਜ਼ਿਲ੍ਹੇ 'ਚ ਘੱਟ ਗਿਣਤੀ ਮੁਸਲਮਾਨਾਂ ਖ਼ਿਲਾਫ਼ ਹਿੰਸਾ ਦੌਰਾਨ ਫੇਸਬੁੱਕ, ਵਾਟਸਐੱਪ, ਇੰਸਟਾਗ੍ਰਾਮ ਆਦਿ ਨੂੰ ਬਲਾਕ ਕਰ ਦਿੱਤਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: UN blames Facebook for spreading hate speech against Rohingya