ਟਰੰਪ ਨੇ ਵੈਨਜ਼ੁਏਲਾ 'ਚ ਦਿੱਤੀ ਫ਼ੌਜੀ ਦਖ਼ਲ ਦੀ ਚਿਤਾਵਨੀ

Updated on: Sat, 12 Aug 2017 05:43 PM (IST)
  
Trump threatens Venezuela with unspecified ‘military option’

ਟਰੰਪ ਨੇ ਵੈਨਜ਼ੁਏਲਾ 'ਚ ਦਿੱਤੀ ਫ਼ੌਜੀ ਦਖ਼ਲ ਦੀ ਚਿਤਾਵਨੀ

ਲਾਤੀਨੀ ਅਮਰੀਕੀ ਦੇਸ਼ ਦੀ ਹਾਲਤ ਨੂੰ ਦੱਸਿਆ ਖ਼ਤਰਨਾਕ

ਵਾਸ਼ਿੰਗਟਨ (ਪੀਟੀਆਈ) :— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨਜ਼ੁੁਏਲਾ ਦੇ ਹਾਲਾਤ 'ਚ ਸੁਧਾਰ ਨਾ ਹੋਣ 'ਤੇ ਫ਼ੌਜੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਟਰੰਪ ਨੇ ਲਾਤੀਨੀ ਅਮਰੀਕੀ ਦੇਸ਼ ਦੀ ਮੌਜੂਦਾ ਸਥਿਤੀ ਨੂੰ ਬੇਹੱਦ ਖ਼ਤਰਨਾਕ ਦੱਸਿਆ ਹੈ। ਉਨ੍ਹਾਂ ਨੇ ਵੈਨਜ਼ੁੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ 'ਚ ਲੋਕਤੰਤਰ ਬਹਾਲ ਹੋਣ 'ਤੇ ਅਮਰੀਕੀ ਰਾਸ਼ਟਰਪਤੀ ਖ਼ੁਦ ਮਾਦੁਰੋ ਨਾਲ ਗੱਲ ਕਰਨਗੇ।

ਮਾਦੁਰੋ ਨੇ 30 ਜੁਲਾਈ ਨੂੰ ਮੱਤਦਾਨ ਰਾਹੀਂ ਵਿਰੋਧੀ ਬਹੁਮਤ ਵਾਲੀ ਨੈਸ਼ਨਲ ਅਸੈਂਬਲੀ ਨੂੰ ਦਰਕਿਨਾਰ ਕਰਕੇ 545 ਮੈਂਬਰੀ ਸੰਵਿਧਾਨ ਸਭਾ ਦਾ ਗਠਨ ਕਰ ਦਿੱਤਾ ਸੀ। ਇਸ ਦੇ ਬਾਅਦ ਤੋਂ ਹੀ ਰਾਜਧਾਨੀ ਕਰਾਕਸ ਦੇ ਇਲਾਵਾ ਹੋਰਨਾਂ ਸ਼ਹਿਰਾਂ 'ਚ ਲਗਾਤਾਰ ਹਿੰਸਕ ਘਟਨਾਵਾਂ ਹੋ ਰਹੀਆਂ ਹਨ। ਰਾਸ਼ਟਰਪਤੀ ਮਾਦੁਰੋ 'ਤੇ ਵਿਰੋਧ ਪ੍ਰਦਰਸ਼ਨ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਟਰੰਪ ਸਰਕਾਰ ਨੇ ਮਾਦੁਰੋ ਨੂੰ ਤਾਨਾਸ਼ਾਹ ਦੱਸਦੇ ਹੋਏ ਉਨ੍ਹਾਂ ਅਤੇ ਹੋਰ ਦੋ ਦਰਜਨ ਤੋਂ ਵੱਧ ਮੌਜੂਦਾ ਅਤੇ ਸਾਬਕਾ ਸਰਕਾਰੀ ਅਧਿਕਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਵੈਨਜ਼ੁੁਏਲਾ ਦੇ ਰਾਸ਼ਟਰਪਤੀ 'ਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਅਤੇ ਲੋਕਤੰਤਰ ਨੂੰ ਦਬਾਉਣ ਦਾ ਦੋਸ਼ ਲਗਾਇਆ ਗਿਆ ਹੈ। ਟਰੰਪ ਨੇ ਵਿਦੇਸ਼ ਮੰਤਰੀ ਰੈਕਸ ਟਿਲਰਸਨ, ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਚਆਰ ਮੈਕਸਮਾਸਟਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵੈਨਜ਼ੁੁਏਲਾ ਲਈ ਮੇਰੇ ਕੋਲ ਕਈ ਬਦਲ ਹਨ। ਮੈਂ ਫ਼ੌਜੀ ਬਦਲ ਤੋਂ ਇਨਕਾਰ ਨਹੀਂ ਕਰ ਰਿਹਾ। ਅਮਰੀਕੀ ਜਵਾਨ ਦੁਨੀਆ ਦੇ ਹਰ ਕੋਨੇ 'ਚ ਤਾਇਨਾਤ ਹਨ ਅਤੇ ਵੈਨਜ਼ੁੁਏਲਾ ਅਮਰੀਕਾ ਤੋਂ ਜ਼ਿਆਦਾ ਦੂਰ ਨਹੀਂ ਹੈ। ਅਮਰੀਕਾ ਦਾ ਗੁਆਂਢੀ ਦੇਸ਼ ਹੋਣ ਦੇ ਬਾਵਜੂਦ ਉਥੋਂ ਦੇ ਲੋਕ ਤਸੀਹੇ ਝੱਲ ਰਹੇ ਹਨ। ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਜੇਕਰ ਜ਼ਰੂਰੀ ਹੋਇਆ ਤਾਂ ਵੈਨਜ਼ੁਏਲਾ ਲਈ ਫ਼ੌਜੀ ਬਦਲ ਵੀ ਖੁੱਲਾ ਹੋਇਆ ਹੈ।

ਵੈਨਜ਼ੁਏਲਾ ਨੇ ਟਰੰਪ ਦੇ ਬਿਆਨ ਨੂੰ ਦੱਸਿਆ ਪਾਗਲਪਨ

ਵੈੇਨਜ਼ੁੁਏਲਾ ਦੇ ਰੱਖਿਆ ਮੰਤਰੀ ਵਲਾਦੀਮੀਰ ਪੈਡਰਿਨੋ ਨੇ ਡੋਨਾਲਡ ਟਰੰਪ ਦੇ ਬਿਆਨ ਨੂੰ ਪਾਗਲਪਨ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਮਾਦੁਰੋ ਨੂੰ ਵੈਨਜ਼ੁਏਲਾ ਦੇ ਸੰਵਿਧਾਨ ਦਾ ਸਨਮਾਨ ਕਰਨ ਲਈ ਕਿਹਾ ਹੈ। ਇਸ ਦੌਰਾਨ ਪੇਰੂ ਨੇ ਵੈਨਜ਼ੁੁਏਲਾ ਦੇ ਰਾਜਦੂਤ ਨੂੰ ਆਪਣੇ ਦੇਸ਼ ਤੋਂ ਮੁਅੱਤਲ ਕਰ ਦਿੱਤਾ ਹੈ। ਵੈਨਜ਼ੁਏਲਾ ਨੇ ਵੀ ਕਰਾਕਸ ਸਥਿਤ ਪੇਰੂ ਦੂਤਘਰ ਦੇ ਇੰਚਾਰਜ ਨੂੰ ਪੰਜ ਦਿਨਾਂ 'ਚ ਦੇਸ਼ ਛੱਡਣ ਲਈ ਕਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Trump threatens Venezuela with unspecified ‘military option’