08 ਸੀਐੱਨਟੀ 1007

ਵਾਸ਼ਿੰਗਟਨ (ਪੀਟੀਆਈ)

: ਸੰਸਦੀ ਚੋਣਾਂ ਦੇ ਨਤੀਜਿਆਂ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ। ਟਰੰਪ ਅਤੇ ਜੈੱਫ ਦਰਮਿਆਨ ਲੰਬੇ ਸਮੇਂ ਤੋਂ ਮੱਤਭੇਦ ਦੀਆਂ ਖ਼ਬਰਾਂ ਆ ਰਹੀਆਂ ਸਨ। ਜੈੱਫ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸ ਦੀ ਭੂਮਿਕਾ ਨੂੰ ਲੈ ਕੇ ਹੋ ਰਹੀ ਜਾਂਚ ਤੋਂ ਖ਼ੁਦ ਨੂੰ ਅਲੱਗ ਕਰ ਲਿਆ ਸੀ। ਇਸ ਬਦਲਾਅ ਨਾਲ ਟਰੰਪ ਖ਼ਿਲਾਫ਼ ਚੱਲ ਰਹੀ ਜਾਂਚ ਦੇ ਪ੍ਰਭਾਵਿਤ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।

ਟਰੰਪ ਨੇ ਬੁੱਧਵਾਰ ਨੂੰ ਟਵੀਟ ਕੀਤਾ, 'ਸਾਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੈ ਕਿ ਨਿਆਂ ਵਿਭਾਗ ਦੇ ਨਵੇਂ ਮੁਖੀ ਮੈਥਿਊ ਜੀ ਵਿਟੈਕਰ ਹੋਣਗੇ। ਉਹ ਜੈੱਫ ਸੈਸ਼ਨਜ਼ ਦੀ ਥਾਂ ਲੈਣਗੇ। ਉਮੀਦ ਹੈ ਕਿ ਨਵੇਂ ਕਾਰਜਕਾਰੀ ਅਟਾਰਨੀ ਜਨਰਲ ਵਿਟੈਕਰ ਦੇਸ਼ ਨੂੰ ਬਿਹਤਰ ਸੇਵਾਵਾਂ ਦੇਣਗੇ। ਮੈਂ ਜੈੱਫ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਦਿੰਦਾ ਹਾਂ। ਸਥਾਈ ਅਟਾਰਨੀ ਜਨਰਲ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।' ਵਿਟੈਕਰ ਨੂੰ ਹਾਕਮ ਰਿਪਬਲਿਕਨ ਪਾਰਟੀ ਦਾ ਹਮਾਇਤੀ ਮੰਨਿਆ ਜਾਂਦਾ ਹੈ। ਉਹ ਅਮਰੀਕੀ ਚੋਣਾਂ ਵਿਚ ਰੂਸੀ ਦਖਲ ਅਤੇ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੇ ਵਿਸ਼ੇਸ਼ ਸਰਕਾਰੀ ਵਕੀਲ ਰਾਬਰਟ ਮੂਲਰ ਦੀ ਜਾਂਚ 'ਤੇ ਪਹਿਲਾਂ ਹੀ ਰੋਕ ਲਗਾਉਣ ਦੀ ਗੱਲ ਕਹਿ ਚੁੱਕੇ ਹਨ।