-ਭਾਬੀ ਕੁਲਸੁਮ ਦੀ ਦੇਹ ਲੈਣ ਲੰਡਨ ਗਏ ਸ਼ਾਹਬਾਜ਼ ਸ਼ਰੀਫ਼

-ਮਰੀਅਮ ਤੇ ਪਤੀ ਨੂੰ ਵੀ ਮਿਲੀ ਤਿੰਨ ਦਿਨ ਦੀ ਪੈਰੋਲ

ਇਸਲਾਮਾਬਾਦ (ਏਜੰਸੀਆਂ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪਤਨੀ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣ ਲਈ ਤਿੰਨ ਦਿਨ ਦੀ ਪੈਰੋਲ ਮਿਲ ਗਈ ਹੈ। ਸ਼ਰੀਫ਼ ਦੀ ਪਤਨੀ ਕੁਲਸੁਮ (68) ਦਾ ਮੰਗਲਵਾਰ ਨੂੰ ਲੰਡਨ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਗਲ਼ੇ ਦੇ ਕੈਂਸਰ ਤੋਂ ਪੀੜਤ ਸੀ। ਕੁਲਸੁਮ ਨੂੰ ਸ਼ੁੱਕਰਵਾਰ ਨੂੰ ਸਪੁਰਦੇ ਖ਼ਾਕ ਕੀਤਾ ਜਾਵੇਗਾ। ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ ਆਪਣੀ ਭਾਬੀ ਦੀ ਦੇਹ ਲਿਆਉਣ ਲਈ ਬੁੱਧਵਾਰ ਨੂੰ ਲੰਡਨ ਰਵਾਨਾ ਹੋ ਗਏ।

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਸ਼ਰੀਫ਼ ਦੇ ਨਾਲ ਉਨ੍ਹਾਂ ਦੀ ਧੀ ਮਰੀਅਮ ਅਤੇ ਦਾਮਾਦ ਸੇਵਾਮੁਕਤ ਕੈਪਟਨ ਮੁਹੰਮਦ ਸਫਦਰ ਲਈ ਪਹਿਲੇ 12 ਘੰਟੇ ਦੀ ਪੈਰੋਲ ਮਨਜ਼ੂਰ ਕੀਤੀ ਸੀ ਪ੍ਰੰਤੂ ਬਾਅਦ ਵਿਚ ਉਸ ਨੂੰ ਤਿੰਨ ਦਿਨ ਕਰ ਦਿੱਤਾ ਗਿਆ। ਸ਼ਰੀਫ਼ ਦੇ ਪਰਿਵਾਰ ਨੇ ਹਾਲਾਂਕਿ ਪੰਜ ਦਿਨ ਦੀ ਪੈਰੋਲ ਮੰਗੀ ਸੀ। ਲੰਡਨ ਵਿਚ ਆਲੀਸ਼ਾਨ ਫਲੈਟ ਖ਼ਰੀਦਣ ਨਾਲ ਜੁੜੇ ਭਿ੫ਸ਼ਟਾਚਾਰ ਦੇ ਮਾਮਲੇ 'ਚ ਤਿੰਨੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਸ਼ਰੀਫ਼ ਨੂੰ 10, ਮਰੀਅਮ ਨੂੰ ਸੱਤ ਅਤੇ ਸਫਦਰ ਨੂੰ ਇਕ ਸਾਲ ਦੀ ਸਜ਼ਾ ਹੋਈ ਹੈ। ਮੰਗਲਵਾਰ ਅੱਧੀ ਰਾਤ ਨੂੰ ਪੈਰੋਲ ਦੀ ਮਨਜ਼ੂਰੀ ਮਿਲਣ ਪਿੱਛੋਂ ਤਿੰਨੋਂ ਬੁੱਧਵਾਰ ਸਵੇਰੇ 3.15 ਵਜੇ ਹੈਲੀਕਾਪਟਰ ਰਾਹੀਂ ਲਾਹੌਰ ਸਥਿਤ ਸ਼ਰੀਫ਼ ਪਰਿਵਾਰ ਦੇ ਨਿਵਾਸ ਜਾਤੀ ਉਮਰਾ ਪੁੱਜ ਗਏ। ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਤਰਜਮਾਨ ਨੇ ਦੱਸਿਆ ਕਿ ਕੁਲਸੁਮ ਦੀ ਦੇਹ ਵੀਰਵਾਰ ਨੂੰ ਪਾਕਿਸਤਾਨ ਪੁੱਜਣ ਦੀ ਸੰਭਾਵਨਾ ਹੈ। ਸ਼ਰੀਫ਼ ਦੇ ਦੋਵੇਂ ਪੁੱਤਰ ਹਸਨ ਤੇ ਹੁਸੈਨ ਆਖ਼ਰੀ ਰਸਮਾਂ 'ਚ ਸ਼ਾਮਿਲ ਹੋਣ ਲਈ ਪਾਕਿਸਤਾਨ ਪੁੱਜਣਗੇ ਜਾਂ ਨਹੀਂ ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਆਖ਼ਰੀ ਰਸਮਾਂ ਲਈ ਜਾਤੀ ਉਮਰਾ 'ਚ ਭਾਰੀ ਗਿਣਤੀ 'ਚ ਪੁਲਿਸ ਬਲ ਲਗਾਏ ਗਏ ਹਨ।