-ਅਫ਼ਗਾਨ ਸ਼ਹਿਰ 'ਤੇ ਕਬਜ਼ੇ ਦੇ ਇਰਾਦੇ ਨਾਲ ਆਏ ਅੱਤਵਾਦੀ ਵੀ ਢੇਰ

-ਅੱਤਵਾਦੀਆਂ ਨੇ ਕਈ ਪੁਲਿਸ ਚੌਕੀਆਂ ਤੇ ਘਰਾਂ ਨੂੰ ਲਾਈ ਅੱਗ

ਕਾਬੁਲ (ਏਪੀ/ਰਾਇਟਰ) : ਤਾਲਿਬਾਨ ਅੱਤਵਾਦੀਆਂ ਨੇ ਵੀਰਵਾਰ ਦੇਰ ਰਾਤ ਅਫ਼ਗਾਨਿਸਤਾਨ ਦੇ ਦੱਖਣੀ ਪੱਛਮੀ ਸ਼ਹਿਰ ਗਜ਼ਨੀ 'ਤੇ ਕਬਜ਼ੇ ਦੇ ਇਰਾਦੇ ਨਾਲ ਪੂਰੀ ਤਿਆਰੀ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਗੋਲ਼ੀਬਾਰੀ ਕਰਦੇ ਹੋਏ ਕਈ ਪੁਲਿਸ ਚੌਕੀਆਂ, ਘਰਾਂ ਤੇ ਬਾਜ਼ਾਰਾਂ ਨੂੰ ਅੱਗ ਲਗਾ ਦਿੱਤੀ। ਇਸ ਹਮਲੇ 'ਚ 14 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਨੇ ਦਰਜਨਾਂ ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ।

ਸੂਬਾਈ ਪੁਲਿਸ ਮੁਖੀ ਫਰੀਦ ਅਹਿਮਦ ਮੁਤਾਬਿਕ ਗਜ਼ਨੀ 'ਚ ਸਥਾਨਕ ਸਮੇਂ ਮੁਤਾਬਿਕ ਕਰੀਬ ਦੋ ਵਜੇ ਹਮਲਾ ਕੀਤਾ ਗਿਆ ਸੀ। ਹਮਲੇ ਦੇ ਨਾਕਾਮ ਹੋਣ ਤੋਂ ਬਾਅਦ ਪੁਲਿਸ ਨੇ ਬਚੇ ਹੋਏ ਅੱਤਵਾਦੀਆਂ ਨੂੰ ਫੜਨ ਲਈ ਘਰ-ਘਰ ਤਲਾਸ਼ੀ ਕਰਨੀ ਸ਼ੁਰੂ ਕੀਤੀ ਹੈ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਰਾਜਧਾਨੀ ਕਾਬੁਲ ਤੋਂ 120 ਕਿਲੋਮੀਟਰ ਦੂਰ ਸਥਿਤ ਇਸ ਅੰਦਰੂਨੀ ਇਲਾਕਿਆਂ 'ਚ ਅੱਤਵਾਦੀ ਕਿਵੇਂ ਪੱੁਜ ਗਏ। ਪੁਲਿਸ ਮੁਖੀ ਨੇ ਦੱਸਿਆ ਕਿ ਗਜ਼ਨੀ ਦੇ ਇਕ ਪੁਲ ਦੇ ਹੇਠੋਂ 39 ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਸੜਕਾਂ ਤੇ ਕਈ ਹੋਰ ਅੱਤਵਾਦੀਆਂ ਦੀਆਂ ਵੀ ਲਾਸ਼ਾਂ ਪਈਆਂ ਹਨ।

ਗਜ਼ਨੀ ਦੇ ਇਕ ਉੱਚ ਅਧਿਕਾਰੀ ਨੇ ਹਾਲਾਂਕਿ ਸ਼ੁੱਕਰਵਾਰ ਸਵੇਰੇ ਕਿਹਾ ਸੀ ਕਿ ਤਾਲਿਬਾਨ ਨੇ ਰਿਹਾਇਸ਼ੀ ਤੇ ਕਾਰੋਬਾਰੀ ਇਲਾਕਿਆਂ 'ਚ ਮਿਜ਼ਾਈਲਾਂ ਨਾਲ ਹਮਲਾ ਕੀਤਾ। ਪਿਛਲੇ ਅੱਠ ਘੰਟਿਆਂ 'ਚ ਲਗਾਤਾਰ ਹੋਈ ਗੋਲ਼ੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ ਹਨ। ਤਾਲਿਬਾਨ ਦੇ ਬੁਲਾਰੇ ਜਬੀਹੁਲਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਗਜ਼ਨੀ 'ਤੇ ਹਮਲੇ 'ਚ ਦਰਜਨਾਂ ਅਫ਼ਗਾਨ ਸੈਨਿਕ ਤੇ ਪੁਲਿਸ ਅਧਿਕਾਰੀ ਮਾਰੇ ਗਏ।

ਅੱਤਵਾਦੀਆਂ ਨੂੰ ਖਦੇੜਨ 'ਚ ਅਮਰੀਕਾ ਨੇ ਕੀਤੀ ਮਦਦ

ਅਫ਼ਗਾਨਿਸਤਾਨ 'ਚ ਅਮਰੀਕੀ ਬਲਾਂ ਦੇ ਬੁਲਾਰੇ ਲੈਫਟੀਨੈਂਟ ਕਰਨਲ ਮਾਰਟਿਨ ਓਡੋਨੇਲ ਨੇ ਦੱਸਿਆ ਕਿ ਤਾਲਿਬਾਨ ਅੱਤਵਾਦੀਆਂ ਨੂੰ ਖਦੇੜਨ ਲਈ ਅਮਰੀਕੀ ਲੜਾਕੂ ਹੈਲੀਕਾਪਟਰਾਂ ਨੇ ਵੀ ਅਫ਼ਗਾਨ ਬਲਾਂ ਦੀ ਮਦਦ ਕੀਤੀ।