ਸੀਰੀਆ 'ਚ ਮੁੜ ਤੇਜ਼ ਹੋਈ ਲੜਾਈ

Updated on: Mon, 20 Mar 2017 08:05 PM (IST)
  

ਬੇਰੂਤ (ਏਐੱਫਪੀ) : ਸੀਰੀਆ 'ਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਰਾਜਧਾਨੀ ਦਮਿਸ਼ਕ ਦੇ ਪੂਰਬੀ ਇਲਾਕੇ 'ਚ ਫ਼ੌਜ ਨੇ ਸੋਮਵਾਰ ਨੂੰ ਜ਼ਬਰਦਸਤ ਬੰਬਾਰੀ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਬਾਗ਼ੀਆਂ ਨੇ ਇਸ ਇਲਾਕੇ 'ਚ ਅਚਾਨਕ ਹਮਲੇ ਕਰ ਕੇ ਕਈ ਮਹੱਤਵਪੂਰਨ ਥਾਵਾਂ 'ਤੇ ਕਬਜ਼ਾ ਕਰ ਲਿਆ ਸੀ। ਨਿਗਰਾਨੀ ਸੰਗਠਨ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਮੁਤਾਬਕ ਇਨ੍ਹਾਂ ਵਿਚੋਂ ਜ਼ਿਆਦਾਤਰ ਥਾਵਾਂ 'ਤੇ ਮੁੜ ਫ਼ੌਜ ਦਾ ਕਬਜ਼ਾ ਹੋ ਗਿਆ ਹੈ।

ਹਮਲੇ 'ਚ 26 ਫ਼ੌਜੀਆਂ ਅਤੇ 21 ਬਾਗ਼ੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਸੰਗਠਨ ਨੇ ਕੀਤੀ ਹੈ। ਇਸ ਤੋਂ ਇਲਾਵਾ ਇਦਲਿਬ ਸਮੇਤ ਕਈ ਥਾਵਾਂ 'ਤੇ ਵੀ ਬਾਗ਼ੀਆਂ ਦੇ ਪ੍ਰਭਾਵ ਵਾਲੇ ਇਲਾਕਿਆਂ 'ਚ ਫ਼ੌਜ ਨੇ ਹਵਾਈ ਹਮਲੇ ਕੀਤੇ ਹਨ। ਬੀਤੇ ਸਾਲ ਅਲੈਪੋ 'ਤੇ ਫ਼ੌਜ ਦਾ ਕਬਜ਼ਾ ਹੋਣ ਤੋਂ ਬਾਅਦ ਰੂਸ ਅਤੇ ਤੁਰਕੀ ਦੀ ਪਹਿਲ 'ਤੇ ਸ਼ਾਂਤੀ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਹੁਣ ਤਕ ਦਾ ਸਭ ਤੋਂ ਜ਼ਬਰਦਸਤ ਸੰਘਰਸ਼ ਹੈ। ਸੀਰੀਆਈ ਟੀਵੀ ਮੁਤਾਬਕ ਬਾਗ਼ੀਆਂ ਨੇ ਐਤਵਾਰ ਨੂੰ ਅਲ-ਕਾਇਦਾ ਨਾਲ ਜੁੜੇ ਫਤਿਹ ਅਲ ਸ਼ਾਮ ਨਾਲ ਮਿਲ ਕੇ ਪੂਰਬੀ ਦਮਿਸ਼ਕ ਦੇ ਜੋਬਾਰ ਅਤੇ ਕਬੋਨ 'ਚ ਫ਼ੌਜੀ ਿਠਕਾਣਿਆਂ 'ਤੇ ਅਚਾਨਕ ਧਾਵਾ ਬੋਲ ਦਿੱਤਾ। ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਬਾਗ਼ੀ ਲੜਾਕੇ ਸੁਰੰਗ ਦੇ ਰਸਤਿਓਂ ਸ਼ਹਿਰ 'ਚ ਦਾਖ਼ਲ ਹੋਏ ਸਨ। ਕਾਰ ਬੰਬ ਧਮਾਕੇ ਤੇ ਰਾਕਟ ਹਮਲਿਆਂ ਨਾਲ ਬਾਗ਼ੀਆਂ ਨੇ ਕਈ ਥਾਵਾਂ 'ਤੇ ਕਬਜ਼ਾ ਕਰ ਲਿਆ। ਫ਼ੌਜ ਨੇ ਜਵਾਬ 'ਚ ਭਿਆਨਕ ਬੰਬਾਰੀ ਕਰ ਕੇ ਬਾਗ਼ੀਆਂ ਨੂੰ ਪਿਛੇ ਖਦੇੜ ਦਿੱਤਾ। ਸੱਤਵੇਂ ਸਾਲ 'ਚ ਦਾਖ਼ਲ ਹੋ ਚੁੱਕੇ ਸੀਰੀਆਈ ਖਾਨਾਜੰਗੀ 'ਚ ਕਰੀਬ ਸਾਢੇ ਤਿੰਨ ਲੱਖ ਲੋਕ ਜਾਨ ਗੁਆ ਚੁੱਕੇ ਹਨ। ਬੀਤੇ ਦੋ ਸਾਲ ਜਿਨ੍ਹਾਂ ਇਲਾਕਿਆਂ 'ਚ ਜ਼ਬਰਦਸਤ ਲੜਾਈ ਚਲ ਰਹੀ ਹੈ ਉਨ੍ਹਾਂ ਵਿਚ ਜੋਬਾਰ ਵੀ ਹੈ। ਇਸ ਦੇ ਇਕ ਪਾਸੇ ਫ਼ੌਜ ਤਾਂ ਦੂਜੇ ਪਾਸੇ ਬਾਗ਼ੀਆਂ ਦਾ ਕਬਜ਼ਾ ਹੈ। ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਸਮਰੱਥਕ ਰੂਸ ਦੇ ਦਮਿਸ਼ਕ ਸਥਿਤ ਦੂਤਾਘਰ ਦੀ ਇਮਾਰਤ ਨੂੰ ਵੀ ਇਸ ਲੜਾਈ 'ਚ ਨੁਕਸਾਨ ਪੁੱਜਾ ਹੈ। ਰੂਸ ਦੇ ਮਾਸਕੋ 'ਚ ਤਾਇਨਾਤ ਇਸਰਾਇਲੀ ਰਾਜਦੂਤ ਨੂੰ ਤਲਬ ਕੇ ਸੀਰੀਆ 'ਚ ਹਵਾਈ ਹਮਲਿਆਂ ਨੂੰ ਲੈ ਕੇ ਵਿਰੋਧ ਵੀ ਪ੍ਰਗਟਾਇਆ ਹੈ। ਬੀਤੇ ਸ਼ੁੱਕਰਵਾਰ ਨੂੰ ਇਸਰਾਇਲ ਨੇ ਹਿਜਬੁਲਾਹ ਲਈ ਹਥਿਆਰ ਲੈ ਕੇ ਜਾ ਰਹੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ। ਹਿਜਬੁਲਾਹ ਵੀ ਅਸਦ ਦਾ ਸਮਰੱਥਕ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: SYRIA LD AIRSTRIKES