ਰੋਹਿੰਗਾ ਮੁਸਲਮਾਨਾਂ ਦੀ ਮਦਦ ਨੂੰ ਅੱਗੇ ਆਏ ਕੌਮਾਂਤਰੀ ਭਾਈਚਾਰਾ

Updated on: Wed, 13 Sep 2017 06:04 PM (IST)
  

ਯੂਐੈੱਨ ਨੇ ਹਾਲਾਤ ਨੂੰ ਦਿਲ ਦਹਿਲਾ ਦੇਣ ਵਾਲਾ ਦੱਸਿਆ

ਆਂਗ ਸਾਨ ਸੂ ਕੀ ਨੇ ਰੱਦ ਕੀਤਾ ਯੂਐੱਨ ਦਾ ਦੌਰਾ

ਸੰਯੁਕਤ ਰਾਸ਼ਟਰ (ਪੀਟੀਆਈ/ਆਈਏਐੱਨਐੱਸ) : ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਿਆਂਮਾਰ ਤੋਂ ਹਿਜਰਤ ਕਰ ਕੇ ਗਏ ਰੋਹਿੰਗਾ ਮੁਸਲਮਾਨਾਂ ਦੀ ਮਦਦ ਦੀ ਅਪੀਲ ਕੀਤੀ ਹੈ। 25 ਅਗਸਤ ਤੋਂ ਮਿਆਂਮਾਰ ਦੇ ਰਖਾਈਨ ਸੂਬੇ 'ਚ ਹਿੰਸਾ ਭੜਕਣ ਪਿੱਛੋਂ ਉਥੋਂ ਲਗਪਗ ਸਵਾ ਤਿੰਨ ਲੱਖ ਮੁਸਲਮਾਨ ਭੱਜ ਕੇ ਬੰਗਲਾਦੇਸ਼ ਚਲੇ ਗਏ ਹਨ। ਇਹ ਹਿਜਰਤਕਾਰੀ ਸਹੂਲਤਾਂ ਦੀ ਘਾਟ ਦੇ ਚੱਲਦਿਆਂ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ 'ਚ ਰਹਿ ਰਹੇ ਹਨ। ਇਸ ਦੌਰਾਨ ਮਿਆਂਮਾਰ ਦੀ ਆਗੂ ਆਂਗ ਸਾਨ ਸੂ ਕੀ ਨੇ ਦੇਸ਼ ਦੀ ਰੋਹਿੰਗਾ ਸਮੱਸਿਆ ਕਾਰਨ ਸੰਯੁਕਤ ਰਾਸ਼ਟਰ ਦੀ ਮਹਾਸਭਾ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ।

ਹਿੰਸਾ ਦੀ ਸ਼ੁਰੂਆਤ 25 ਅਗਸਤ ਨੂੰ ਤਦ ਹੋਈ ਜਦੋਂ ਅਰਾਕਾਨ ਰੋਹਿੰਗਾ ਮੁਕਤੀ ਸੈਨਾ ਨਾਂ ਦੇ ਅੱਤਵਾਦੀ ਸੰਗਠਨ ਨੇ ਮਿਆਂਮਾਰ ਪੁਲਿਸ ਅਤੇ ਫ਼ੌਜ ਦੇ ਟਿਕਾਣਿਆਂ 'ਤੇ ਹਮਲੇ ਸ਼ੁਰੂ ਕਰ ਦਿੱਤੇ। ਇਸ ਪਿੱਛੋਂ ਜਵਾਬੀ ਕਾਰਵਾਈ 'ਚ ਸੁਰੱਖਿਆ ਬਲਾਂ ਨੇ ਰੋਹਿੰਗਾ ਬਹੁਲਤਾ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਬਾਅਦ ਰੋਹਿੰਗਾ ਮੁਸਲਮਾਨ ਮਿਆਂਮਾਰ ਛੱਡ ਕੇ ਭੱਜ ਗਏ। ਤਾਜ਼ਾ ਹਿੰਸਾ 'ਚ ਲਗਪਗ ਚਾਰ ਲੱਖ ਰੋਹਿੰਗਾ ਮੁਸਲਮਾਨ ਦੇਸ਼ ਛੱਡ ਕੇ ਭੱਜ ਚੁੱਕੇ ਹਨ। ਮਿਆਂਮਾਰ 'ਚ ਉਨ੍ਹਾਂ ਦੀ ਕੁੱਲ ਆਬਾਦੀ ਲਗਪਗ 11 ਲੱਖ ਸੀ। ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਕਿਹਾ ਹੈ ਕਿ ਮਿਆਂਮਾਰ ਦੇ ਹਾਲਾਤ ਦਿਲ ਦਹਿਲਾ ਦੇਣ ਵਾਲੇ ਹਨ। ਇਸ ਲਈ ਅੰਤਰਰਾਸ਼ਟਰੀ ਭਾਈਚਾਰੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰੋਹਿੰਗਾ ਮੁਸਲਮਾਨਾਂ ਦੀ ਮਦਦ ਕਰੇ।

ਮਿਆਂਮਾਰ ਦੇ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਜਾ ਤੇ ਨੇ ਕਿਹਾ ਕਿ ਵਿਦੇਸ਼ ਮੰਤਰੀ ਆਂਗ ਸਾਨ ਸੂ ਕੀ ਨੇ ਸੰਯੁਕਤ ਰਾਸ਼ਟਰ ਆਮ ਸਭਾ 'ਚ ਹਿੱਸਾ ਲੈਣ ਲਈ ਨਿਊਯਾਰਕ ਦਾ ਦੌਰਾ ਦੋ ਕਾਰਨਾਂ ਕਰ ਕੇ ਰੱਦ ਕਰ ਦਿੱਤਾ ਹੈ। ਰਖਾਈਨ ਸੂਬੇ 'ਚ ਅੱਤਵਾਦੀ ਹਮਲਿਆਂ ਕਾਰਨ ਜੋ ਹਾਲਾਤ ਬਣੇ ਹਨ ਉਨ੍ਹਾਂ ਕਾਰਨ ਸ਼ਾਂਤੀ ਅਤੇ ਸੁਰੱਖਿਆ ਲਈ ਤੁਰੰਤ ਕੰਮ ਕੀਤਾ ਜਾਣਾ ਜ਼ਰੂਰੀ ਹੈ। ਖ਼ੁਫ਼ੀਆ ਰਿਪੋਰਟਾਂ ਹਨ ਕਿ ਦੇਸ਼ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ ਵੀ ਵੱਧ ਗਿਆ ਹੈ। ਅਜਿਹੇ ਸਮੇਂ ਸੂ ਕੀ ਦਾ ਦੇਸ਼ 'ਚ ਰਹਿਣਾ ਜ਼ਰੂਰੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Suu Kyi cancels trip to UN amid growing Rohingya crisis