ਮਤਰੇਏ ਦਾਦਾ ਦੀ ਹੱਤਿਆ ਦੇ ਦੋਸ਼ੀ ਅਟਵਾਲ ਨੂੰ ਉਮਰ ਕੈਦ

Updated on: Fri, 17 Feb 2017 08:52 PM (IST)
  

ਲੰਡਨ (ਪੀਟੀਆਈ) : ਯੂਕੇ ਦੇ ਡਰਬੀ ਸ਼ਹਿਰ ਦੇ 29 ਸਾਲਾ ਸੁਖਰਾਜ ਸਿੰਘ ਅਟਵਾਲ ਨੂੰ ਮਤਰੇਏ ਦਾਦਾ ਦੀ ਵਹਿਸ਼ੀਪੁਣੇ ਨਾਲ ਕੀਤੀ ਹੱਤਿਆ ਦੇ ਦੋਸ਼ 'ਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੇ ਮਤਰੇਏ ਦਾਦਾ ਦੀ ਇਤਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਉਸ ਦੇ 41 ਫਰੈਕਚਰ ਆਏ ਤੇ ਖੋਪਰੀ 'ਚ ਸੱਟਾਂ ਲੱਗਣ ਕਾਰਨ ਦਿਮਾਗ਼ ਨੂੰ ਵੀ ਨੁਕਸਾਨ ਪੁੱਜਾ। ਨਾਟਿੰਗਮ ਕਰਾਊਨ ਕੋਰਟ ਨੇ ਕਿਹਾ ਕਿ ਅਟਵਾਲ 20 ਸਾਲ ਤਕ ਪੈਰੋਲ ਲਈ ਵੀ ਅਰਜ਼ੀ ਨਹੀਂ ਦੇ ਸਕਦਾ। ਅਟਵਾਲ ਦਾ ਮਤਰੇਆ ਦਾਦਾ ਸਤਨਾਮ ਸਿੰਘ ਉਸ ਦੀ ਮਾਂ ਦੇ ਸਾਬਕਾ ਪਤੀ ਦਾ ਪਿਤਾ ਸੀ। ਹੱਤਿਆ ਦਾ ਕਾਰਨ ਪਰਿਵਾਰਕ ਝਗੜਾ ਦੱਸਿਆ ਜਾਂਦਾ ਹੈ। ਅਟਵਾਲ ਨੇ 23 ਜੁਲਾਈ, 2015 ਨੂੰ ਸਤਨਾਮ ਸਿੰਘ ਦੀ ਉਦੋਂ ਹੱਤਿਆ ਕੀਤੀ ਜਦੋਂ ਉਹ ਡਰਬੀ ਦੀ ਪਿ੍ਰੰਸਿਸ ਸਟਰੀਟ ਸਥਿਤ ਆਪਣੇ ਸਥਾਨਕ ਗੁਰਦੁਆਰੇ ਨੂੰ ਖੋਲ੍ਹਣ ਲਈ ਜਾ ਰਿਹਾ ਸੀ। ਅਦਾਲਤ ਨੇ ਕੇਸ ਦੀ ਫਾਈਨਲ ਸੁਣਵਾਈ ਕੇਵਲ ਤਿੰਨ ਹਫ਼ਤਿਆਂ 'ਚ ਹੀ ਨਿਬੇੜ ਦਿੱਤੀ। ਸਤਨਾਮ ਸਿੰਘ ਦੀ ਹਮਲੇ ਵਾਲੇ ਦਿਨ ਹੀ ਡਰਬੀ ਦੇ ਰਾਇਲ ਡਰਬੀ ਹਸਪਤਾਲ 'ਚ ਮੌਤ ਹੋ ਗਈ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: STEP GRANDFATHER KILLED