ਪਾਕਿ 'ਚ 'ਚਪੇੜ ਕਬੱਡੀ' ਮੁਕਾਬਲੇ 'ਚ ਬੱਚੇ ਦੀ ਮੌਤ

Updated on: Sun, 15 Apr 2018 06:01 PM (IST)
  

-ਸੋਸ਼ਲ ਮੀਡੀਆ 'ਤੇ ਪਾਏ ਜਾਣ ਪਿੱਛੋਂ ਘਟਨਾ ਦਾ ਪਤਾ ਚੱਲਿਆ

-ਅਧਿਆਪਕ ਤੇ ਹੋਰ ਵਿਦਿਆਰਥੀ ਮੌਕੇ 'ਤੇ ਸਨ ਮੌਜੂਦ

ਲਾਹੌਰ (ਪੀਟੀਆਈ) : ਪਾਕਿਸਤਾਨ ਦੇ ਪੰਜਾਬ ਸੂਬੇ 'ਚ ਹੈਰਾਨ ਕਰਨ ਵਾਲੀ ਇਕ ਘਟਨਾ 'ਚ ਛੇਵੀਂ ਕਲਾਸ ਦੇ ਇਕ ਬੱਚੇ ਦੀ 'ਚਪੇੜ ਕਬੱਡੀ' ਮੁਕਾਬਲੇ ਦੌਰਾਨ ਮੌਤ ਹੋ ਗਈ।

ਸਰਕਾਰੀ ਹਾਈ ਸਕੂਲ ਮੀਆਂ ਚੰਨੂ ਸਕੂਲ 'ਚ ਦੁਪਹਿਰ ਨੂੰ ਬਰੇਕ ਵੇਲੇ ਬਿਲਾਲ ਤੇ ਆਮਿਰ ਨਾਮਕ ਦੋ ਵਿਦਿਆਰਥੀਆਂ ਨੇ 'ਚਪੇੜ ਕਬੱਡੀ' ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ। ਮੁਕਾਬਲੇ ਦੌਰਾਨ ਬਿਲਾਲ ਨੂੰ ਗਲ਼ੇ ਨੇੜੇ ਕਾਫ਼ੀ ਚਪੇੜਾਂ ਮਾਰੀਆਂ ਗਈਆਂ। ਇਸ ਮੁਕਾਬਲੇ ਦੌਰਾਨ ਸਕੂਲ ਦੇ ਅਧਿਆਪਕ ਤੇ ਹੋਰ ਵਿਦਿਆਰਥੀ ਵੀ ਉਥੇ ਮੌਜੂਦ ਸਨ। ਇਹ ਘਟਨਾ ਮਹੀਨੇ ਦੇ ਸ਼ੁਰੂ 'ਚ ਵਾਪਰੀ ਪ੍ਰੰਤੂ ਇਸ ਦਾ ਵੀਡੀਓ ਐਤਵਾਰ ਨੂੰ ਜਾਰੀ ਹੋਇਆ।

ਵੀਡੀਓ 'ਚ ਵਿਖਾਇਆ ਗਿਆ ਹੈ ਕਿ ਮੁਕਾਬਲੇ ਦੇ ਸ਼ੁਰੂ ਹੁੰਦਿਆਂ ਹੀ ਬਿਲਾਲ ਤੇ ਆਮਿਰ ਨੇ ਇਕ-ਦੂਜੇ ਨੂੰ ਜ਼ੋਰ-ਜ਼ੋਰ ਨਾਲ ਚਪੇੜਾਂ ਮਾਰਨੀਆਂ ਸ਼ੁਰੂ ਕੀਤੀਆਂ। ਮੁਕਾਬਲੇ ਨੇ ਉਦੋਂ ਭਿਆਨਕ ਮੋੜ ਲਿਆ ਜਦੋਂ ਆਮਿਰ ਦੀਆਂ ਜ਼ੋਰਦਾਰ ਚਪੇੜਾਂ ਨਾ ਝੱਲਦਿਆਂ ਬਿਲਾਲ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਉਥੇ ਮੌਜੂਦ ਕੋਈ ਵੀ ਵਿਅਕਤੀ ਉਸ ਦੀ ਮਦਦ ਅਤੇ ਉਸ ਨੂੰ ਹਸਪਤਾਲ ਪੁਚਾਉਣ ਲਈ ਅੱਗੇ ਨਹੀਂ ਆਇਆ। ਬਿਲਾਲ ਨੂੰ ਸਹਾਇਤਾ ਦੇਣ ਵਾਲੀ ਟੀਮ ਵੀ ਅੱਧਾ ਘੰਟਾ ਦੇਰੀ ਨਾਲ ਪੁੱਜੀ। ਇਹ ਘਟਨਾ ਪੁਲਿਸ, ਸਕੂਲ ਪ੍ਰਸ਼ਾਸਨ ਅਤੇ ਪੀੜਤ ਦੇ ਮਾਪਿਆਂ ਦੀ ਘੋਰ ਅਣਗਹਿਲੀ ਸਾਬਤ ਕਰਦੀ ਹੈ।

ਸੂਤਰਾਂ ਅਨੁਸਾਰ ਸਕੂਲ ਪ੍ਰਸ਼ਾਸਨ ਘਟਨਾ ਪਿੱਛੋਂ ਬਿਲਾਲ ਨੂੰ ਡਾਕਟਰੀ ਸਹਾਇਤਾ ਲਈ ਸਮੇਂ ਸਿਰ ਹਸਪਤਾਲ ਲਿਜਾਉਣ 'ਚ ਨਾਕਾਮ ਰਿਹਾ। ਸਥਾਨਕ ਪੁਲਿਸ ਵੀ ਇਸ ਘਟਨਾ 'ਚ ਉਨੀ ਹੀ ਦੋਸ਼ੀ ਹੈ ਕਿਉਂਕਿ ਉਸ ਨੇ ਬਿਲਾਲ ਦੀ ਦੇਹ ਦਾ ਪੋਸਟਮਾਰਟਮ ਨਹੀਂ ਕਰਵਾਇਆ। ਜ਼ਿਕਰਯੋਗ ਹੈ ਕਿ ਲਹਿੰਦੇ ਪੰਜਾਬ ਦੇ ਕਈ ਸ਼ਹਿਰਾਂ 'ਚ 'ਚਪੇੜ ਕਬੱਡੀ' ਜਾਂ 'ਚਾਂਟਾ ਕਬੱਡੀ' ਇਕ ਮਸ਼ਹੂਰ ਖੇਡ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: slap kabaddi