ਚੀਨ 'ਚ ਐੱਨਐੱਸਏ ਦੀ ਮੀਟਿੰਗ 'ਚ ਹਿੱਸਾ ਲੈਣਗੇ ਖੰਨਾ

Updated on: Wed, 16 May 2018 06:19 PM (IST)
  

ਬੀਜਿੰਗ (ਪੀਟੀਆਈ) : ਭਾਰਤ ਦੇ ਉੁਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਜਿੰਦਰ ਖੰਨਾ ਅਗਲੇ ਹਫ਼ਤੇ ਚੀਨ 'ਚ ਹੋਣ ਜਾ ਰਹੀ ਐੱਸਸੀਓ ਐੱਨਐੱਸਏ ਦੀ ਮੀਟਿੰਗ 'ਚ ਹਿੱਸਾ ਲੈਣਗੇ। ਇਸ ਮੀਟਿੰਗ 'ਚ ਅੱਠ ਮੈਂਬਰੀ ਦੇਸ਼ਾਂ ਦੇ ਸਮੂਹ ਦੇ ਮੈਂਬਰ ਸੁਰੱਖਿਆ ਸਹਿਯੋਗ 'ਤੇ ਚਰਚਾ ਕਰਨਗੇ। ਐੱਸਐੱਸਏ ਦੀ ਇਹ ਮੀਟਿੰਗ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖਰ ਸੰਮੇਲਨ ਤੋਂ ਪਹਿਲੇ ਕਰਵਾਈ ਜਾ ਰਹੀ ਹੈ। ਸਿਖਰ ਸੰਮੇਲਨ ਚੀਨ ਦੇ ਕਵਿੰਗਦਾਓ ਸ਼ਹਿਰ 'ਚ 9 ਤੋਂ 10 ਜੂਨ ਵਿਚਕਾਰ ਹੋਵੇਗਾ ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੱਸਾ ਲੈਣਗੇ। ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਦੇ ਪੂਰਣ ਮੈਂਬਰ ਬਣਨ ਪਿੱਛੋਂ ਇਹ ਪਹਿਲਾ ਸਿਖਰ ਸੰਮੇਲਨ ਹੋਵੇਗਾ।

ਐੱਸਸੀਓ ਰਾਸ਼ਟਰੀ ਸੁਰੱਖਿਆ ਸਕੱਤਰਾਂ ਦੀ 13ਵੀਂ ਮੀਟਿੰਗ ਬੀਜਿੰਗ 'ਚ 21 ਅਤੇ 22 ਮਈ ਨੂੰ ਹੋਵੇਗੀ। ਇਹ ਮੀਟਿੰਗ ਚੀਨ ਦੇ ਸਰਵਜਨਿਕ ਸੁਰੱਖਿਆ ਮੰਤਰੀ ਅਤੇ ਸਟੇਟ ਕੌਂਸਲਰ ਝਾਓ ਕੇਝੀ ਨੇ ਬੁਲਾਈ ਹੈ। ਇਸ ਆਸ਼ੇ ਦਾ ਐਲਾਨ ਬੁੱਧਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕੀਤਾ।

ਮੀਟਿੰਗ ਦਾ ਜ਼ੋਰ ਮੈਂਬਰ ਦੇਸ਼ਾਂ ਵਿਚਕਾਰ ਸੁਰੱਖਿਆ ਸਹਿਯੋਗ ਸੁਧਾਰਨ 'ਤੇ ਹੋਵੇਗਾ। ਮੀਟਿੰਗ ਦੌਰਾਨ ਹਿੱਸਾ ਲੈਣ ਵਾਲੇ ਮੈਂਬਰ ਸੁਰੱਖਿਆ ਸਥਿਤੀਆਂ ਦੀ ਸਮੀਖਿਆ ਕਰਨਗੇ ਅਤੇ ਸੁਰੱਖਿਆ ਸਹਿਯੋਗ ਦੀਆਂ ਤਰਜੀਹਾਂ 'ਤੇ ਚਰਚਾ ਕਰਨਗੇ। ਭਾਰਤ ਦੀ ਨੁਮਾਇੰਦਗੀ ਉਪ ਐੱਨਐੱਸਏ ਖੰਨਾ ਕਰਨਗੇ। ਪਿਛਲੇ ਕਈ ਸਾਲਾਂ ਦੌਰਾਨ ਐੱਸਸੀਓ ਅੱਤਵਾਦ ਵਿਰੋਧੀ ਸਹਿਯੋਗ ਢਾਂਚੇ, ਖੇਤਰੀ ਅੱਤਵਾਦ ਵਿਰੋਧੀ ਢਾਂਚਾ (ਆਰਏਟੀਐੱਸ) ਦੇ ਰੂਪ 'ਚ ਮਜ਼ਬੂਤੀ ਨਾਲ ਉਭਰਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: SCO NSAs to meet in China to discuss security cooperation