ਬਿਨਾਂ ਫਿਰੌਤੀ ਹੋਈ ਭਾਰਤੀ ਪਾਦਰੀ ਦੀ ਰਿਹਾਈ

Updated on: Wed, 13 Sep 2017 05:44 PM (IST)
  

ਆਈਐੱਸ ਦੀ ਕੈਦ ਤੋਂ ਛੁਡਾਏ ਪਾਦਰੀ ਟਾਮ ਪੁੱਜੇ ਵੈਟੀਕਨ

ਤਿਰੂਵਨੰਤਪੁਰਮ (ਆਈਏਐੱਨਐੱਸ) : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੀ ਕੈਦ ਤੋਂ 18 ਮਹੀਨੇ ਬਾਅਦ ਮੁਕਤ ਕਰਵਾਏ ਗਏ ਭਾਰਤੀ ਪਾਦਰੀ ਟਾਮ ਉਝੁਨਾਲਿਲ ਵੈਟੀਕਨ ਪੁੱਜ ਗਏ ਹਨ। ਕੇਰਲ ਦੇ ਰਹਿਣ ਵਾਲੇ ਪਾਦਰੀ ਨੂੰ ਆਈਐੱਸ ਅੱਤਵਾਦੀਆਂ ਨੇ ਪਿਛਲੇ ਸਾਲ ਮਾਰਚ 'ਚ ਯਮਨ ਤੋਂ ਅਗ਼ਵਾ ਕਰ ਲਿਆ ਸੀ। ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਪਾਦਰੀ ਨੂੰ ਛੁਡਾਉਣ ਦੇ ਲਈ ਕੋਈ ਫਿਰੌਤੀ ਨਹੀਂ ਦਿੱਤੀ ਗਈ।

ਪਾਦਰੀ ਟਾਮ ਉਝੁਨਾਲਿਲ ਜਿਸ ਚੈਲੇਸਟਿਨ ਸਮੂਹ ਨਾਲ ਸਬੰਧ ਰੱਖਦੇ ਹਨ ਉਸ ਦੇ ਬੁਲਾਰੇ ਫਾਦਰ ਪੀ ਵਰਗੀਸ ਨੇ ਬੱੁਧਵਾਰ ਨੂੰ ਇਥੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਮੁੜਨ 'ਚ ਥੋੜ੍ਹਾ ਵਕਤ ਲੱਗੇਗਾ। ਉਹ ਫਿਲਹਾਲ ਵੈਟੀਕਨ ਲਿਜਾਏ ਗਏ ਹਨ। ਵਿਦੇਸ਼ ਮੰਤਰਾਲੇ ਨੇ ਵੀ ਉਨ੍ਹਾਂ ਦੇ ਵੈਟੀਕਨ ਪੁੱਜਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਨਵਾਂ ਫੋਟੋ ਜਾਰੀ ਕੀਤਾ ਗਿਆ ਹੈ। ਇਸ 'ਚ ਉਹ ਬਿਨਾਂ ਦਾੜ੍ਹੀ ਦੇ ਵਿਖਾਈ ਦੇ ਰਹੇ ਹਨ। ਇਸ ਤੋਂ ਪਹਿਲੇ ਮੰਗਲਵਾਰ ਨੂੰ ਓਮਾਨ ਦੇ ਮਸਕਟ ਸ਼ਹਿਰ ਪੁੱਜਣ 'ਤੇ ਜਦੋਂ ਉਨ੍ਹਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ ਤਦ ਉਹ ਲੰਬੇ ਵਾਲਾਂ ਅਤੇ ਸਫ਼ੈਦ ਦਾੜ੍ਹੀ 'ਚ ਵਿਖਾਈ ਦਿੱਤੇ ਸਨ। ਓਮਾਨ ਸਰਕਾਰ ਦੇ ਦਖਲ ਨਾਲ ਉਨ੍ਹਾਂ ਨੂੰ ਮੁਕਤ ਕਰਵਾ ਕੇ ਯਮਨ ਤੋਂ ਮਸਕਟ ਲਿਆਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਰਿਹਾਈ 'ਚ ਓਮਾਨ ਦੇ ਸੁਲਤਾਨ ਕਾਬੂਸ ਨੇ ਅਹਿਮ ਭੂਮਿਕਾ ਨਿਭਾਈ ਸੀ।

ਮਾਰਚ, 2016 'ਚ ਯਮਨ ਦੇ ਬੰਦਰਗਾਹ ਸ਼ਹਿਰ ਅਦਨ 'ਚ ਮਦਰ ਟੈਰੇਸਾ ਦੀ ਮਿਸ਼ਨਰੀਜ਼ ਆਫ਼ ਚੈਰਿਟੀ ਵੱਲੋਂ ਸੰਚਾਲਿਤ ਆਸ਼ਰਮ 'ਤੇ ਅੱਤਵਾਦੀ ਹਮਲੇ ਦੌਰਾਨ ਪਾਦਰੀ ਉਝੁਨਾਲਿਲ ਦਾ ਅਗ਼ਵਾ ਕਰ ਲਿਆ ਗਿਆ ਸੀ। ਇਸ ਹਮਲੇ 'ਚ ਚਾਰ ਈਸਾਈ ਸਾਧਵੀਆਂ ਸਮੇਤ 16 ਲੋਕ ਮਾਰੇ ਗਏ ਸਨ। ਇਨ੍ਹਾਂ ਵਿਚੋਂ ਇਕ ਭਾਰਤੀ ਸਾਧਵੀ ਵੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Rescued Kerala Catholic priest reaches Vatican