ਨਵੀਂ ਦਿੱਲੀ (ਆਈਏਐੱਨਐੱਸ) : ਲੰਡਨ ਵਿਖੇ 12 ਅਗਸਤ ਨੂੰ ਹੋਣ ਵਾਲੀ ਖ਼ਾਲਿਸਤਾਨ ਪੱਖੀ ਰੈਲੀ ਤੋਂ ਪਹਿਲੇ ਬਿ੍ਰਟੇਨ ਦੇ ਭਾਰਤ ਸਥਿਤ ਹਾਈ ਕਮਿਸ਼ਨਰ ਨੇ ਟਵਿੱਟਰ 'ਤੇ ਕਿਹਾ ਕਿ ਉਨ੍ਹਾਂ ਦੇ ਦੇਸ਼ 'ਚ ਕਾਨੂੰਨ ਦੇ ਘੇਰੇ 'ਚ ਰਹਿ ਕੇ ਸ਼ਾਂਤੀਪੂਰਣ ਰੋਸ ਪ੍ਰਦਰਸ਼ਨ ਕਰਨ ਦਾ ਸਾਰਿਆ ਨੂੰ ਹੱਕ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗਰੁੱਪ ਜਾਂ ਜਥੇਬੰਦੀ ਕਾਨੂੰਨ ਤੋੜ ਕੇ ਰੋਸ ਪ੍ਰਦਰਸ਼ਨ ਕਰਦੀ ਹੈ ਤਾਂ ਉਥੋਂ ਦੀ ਪੁਲਿਸ ਉਸ ਨੂੰ ਰੋਕਣ ਦੇ ਸਮਰੱਥ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਪਣੀਆਂ ਭਾਵਨਾਵਾਂ ਤੋਂ ਬਿ੍ਰਟੇਨ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਭਾਰਤ ਸਰਕਾਰ ਨੇ ਇਸ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਬਿ੍ਰਟੇਨ ਨੂੰ ਇਕ ਪੱਤਰ ਵੀ ਲਿਖਿਆ ਸੀ।