ਬੰਗਲਾਦੇਸ਼ 'ਚ ਪੋਪ ਦੀ ਸਭਾ 'ਚ ਉਮੜੀ ਭੀੜ

Updated on: Fri, 01 Dec 2017 05:06 PM (IST)
  

01 ਸੀਐੱਨਟੀ 1007

-ਪੀੜਤ ਰੋਹਿੰਗਿਆ ਮੁਸਲਮਾਨਾਂ ਨੂੰ ਮਿਲ ਕੇ ਦਿੱਤਾ ਆਸ਼ੀਰਵਾਦ

ਢਾਕਾ (ਪੀਟੀਆਈ/ਰਾਇਟਰ) : ਮੁਸਲਿਮ ਬਹੁਲਤਾ ਵਾਲੇ ਬੰਗਲਾਦੇਸ਼ 'ਚ ਸ਼ੁੱਕਰਵਾਰ ਨੂੰ ਇਸਾਈ ਧਰਮ ਗੁਰੂ ਪੋਪ ਫਰਾਂਸਿਸ ਨੇ ਆਪਣੇ ਭਾਈਚਾਰੇ ਦੀ ਵਿਸ਼ਾਲ ਪ੍ਰਾਰਥਨਾ ਸਭਾ ਵਿਚ ਹਿੱਸਾ ਲਿਆ। ਪ੍ਰੋਗਰਾਮ ਵਿਚ ਉਨ੍ਹਾਂ ਨੇ ਬੰਗਲਾਦੇਸ਼ ਵਿਚ ਕੰਮ ਕਰ ਰਹੇ 16 ਪਾਦਰੀਆਂ ਨੂੰ ਵੀ ਸਨਮਾਨਿਤ ਕੀਤਾ। ਪੀੜਤ ਰੋਹਿੰਗਿਆ ਨੂੰ ਮਿਲ ਕੇ ਪੋਪ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਤੇ ਕੜਵਾਹਟ ਭੁੱਲ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਸਲਾਹ ਦਿੱਤੀ।

16 ਕਰੋੜ ਦੀ ਆਬਾਦੀ ਵਾਲੇ ਬੰਗਲਾਦੇਸ਼ ਵਿਚ ਇਸਾਈ ਕੇਵਲ 0.02 ਫ਼ੀਸਦੀ ਹਨ। ਇਸ ਲਿਹਾਜ਼ ਨਾਲ ਪੋਪ ਦੀ ਸਭਾ ਵਿਚ ਆਏ ਇਕ ਲੱਖ ਲੋਕਾਂ ਦੀ ਗਿਣਤੀ ਨੂੰ ਹੈਰਾਨ ਕਰਨ ਵਾਲਾ ਮੰਨਿਆ ਜਾਏਗਾ। ਇਨ੍ਹਾਂ ਵਿਚੋਂ ਕੁਝ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਏ ਸਨ ਜਿਨ੍ਹਾਂ ਨੂੰ ਢਾਕਾ ਪੁੱਜਣ ਵਿਚ ਦੋ ਦਿਨ ਲੱਗੇ। ਪੋਪ ਨੇ ਇਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਕਈ ਵਿਦੇਸ਼ੀ ਡਿਪਲੋਮੈਟ ਅਤੇ ਬੰਗਲਾਦੇਸ਼ ਦੇ ਅਧਿਕਾਰੀ ਅਤੇ ਆਗੂ ਵੀ ਸ਼ਾਮਿਲ ਹੋਏ। ਜਿਸ ਸੁਹਰਾਵਰਦੀ ਉਦਯਾਨ ਪਾਰਕ ਵਿਚ ਪ੍ਰੋਗਰਾਮ ਹੋਇਆ ਉਥੇ ਸੰਨ 1986 ਵਿਚ ਪੋਪ ਜੋਹਨ ਪਾਲ ਦੂਜੇ ਨੇ ਆਪਣੇ ਬੰਗਲਾਦੇਸ਼ ਦੌਰੇ ਵਿਚ ਪ੍ਰੋਗਰਾਮ ਕੀਤਾ ਸੀ। ਪੋਪ ਫਰਾਂਸਿਸ ਨੇ ਆਰਕ ਬਿਸ਼ਪ ਦੇ ਨਿਵਾਸ ਵਿਚ ਸ਼ੁੱਕਰਵਾਰ ਸ਼ਾਮ ਨੂੰ ਕਰਵਾਏ ਮੁਸਲਿਮ, ਹਿੰਦੂ, ਬੋਧ ਅਤੇ ਇਸਾਈ ਭਾਈਚਾਰੇ ਦੇ ਸਥਾਨਕ ਧਰਮ ਗੁਰੂਆਂ ਦੀ ਸ਼ਿਰਕਤ ਵਾਲੇ ਪ੍ਰੋਗਰਾਮ ਵਿਚ ਵੀ ਹਿੱਸਾ ਲਿਆ। ਉਹ ਇਕ ਗਿਰਜਾਘਰ ਵਿਚ ਰੋਹਿੰਗਿਆ ਮੁਸਲਿਮ ਸ਼ਰਨਾਰਥੀਆਂ ਨੂੰ ਮਿਲੇ ਅਤੇ ਉਨ੍ਹਾਂ ਦੀ ਆਪਬੀਤੀ ਸੁਣੀ। ਪੋਪ ਦਾ ਵੈਟੀਕਨ ਦੇ ਦੂਤਘਰ ਵਿਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ।

ਦੱਸਣਯੋਗ ਹੈ ਕਿ ਪੋਪ ਫਰਾਂਸਿਸ ਵੈਟੀਕਨ ਦੇ ਰਾਸ਼ਟਰ ਮੁਖੀ ਹਨ। ਪੋਪ ਦੀ ਇਹ ਯਾਤਰਾ ਰੋਹਿੰਗਿਆ ਮੁਸਲਮਾਨਾਂ ਦੀਆਂ ਮੁਸ਼ਕਿਲਾਂ ਅਤੇ ਹਿਜਰਤ ਨਾਲ ਜੁੜੀ ਸਮੱਸਿਆ ਦੇ ਸਾਏ ਵਿਚ ਹੋ ਰਹੀ ਹੈ। ਪੋਪ ਸਮੱਸਿਆ ਦੇ ਹੱਲ ਲਈ ਸਾਰੇ ਧਰਮ ਗੁਰੂਆਂ ਨਾਲ ਭੇਦਭਾਵ ਅਤੇ ਨਫ਼ਰਤ ਦੇ ਤਿਆਗ ਦੀ ਅਪੀਲ ਕਰਨ ਲਈ ਆਏ ਹਨ। ਇਸ ਤੋਂ ਪਹਿਲੇ ਮਿਆਂਮਾਰ ਦੀ ਯਾਤਰਾ ਵਿਚ ਉਨ੍ਹਾਂ ਨੇ ਸੰਜਮ ਅਤੇ ਖਿਮਾ ਦਾ ਭਾਵ ਪੈਦਾ ਕਰਨ ਦੀ ਅਪੀਲ ਕੀਤੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Pope ordains priests in Bangladesh ahead of meeting with Rohingya