ਭੁੱਟੋ ਮਾਮਲੇ 'ਚ ਦੋਸ਼ੀ ਅਫਸਰ 'ਤੇ ਸੀ ਜੱਜ ਦੀ ਸੁਰੱਖਿਆ ਦਾ ਜ਼ਿੰਮਾ

Updated on: Fri, 01 Sep 2017 08:00 PM (IST)
  

-ਸਵੇਰ ਤੋਂ ਹੀ ਜੇਲ੍ਹ 'ਚ ਸੁਰੱਖਿਆ ਪ੍ਰਬੰਧਾ ਦੀ ਕਰ ਰਿਹਾ ਸੀ ਨਿਗਰਾਨੀ

-ਸਜ਼ਾਯਾਫਤਾ ਦੋਨੋਂ ਪੁਲਿਸ ਅਫਸਰ ਕਰਨਗੇ ਹਾਈ ਕੋਰਟ 'ਚ ਅਪੀਲ

ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਇਕ ਪੁਲਿਸ ਅਧਿਕਾਰੀ ਜੱਜ ਦੀ ਸੁਰੱਖਿਆ ਲਈ ਪ੍ਰਬੰਧਾਂ ਦਾ ਮੁਖੀ ਸੀ। ਉਸ ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਸੀਨੀਅਰ ਸੁਪਰਡੈਂਟ ਪੁਲਿਸ ਖੁੱਰਮ ਸ਼ਹਿਜ਼ਾਦ ਅੱਤਵਾਦ ਰੋਕੂ ਅਦਾਲਤ ਦੇ ਜੱਜ ਅਸਗਰ ਖਾਨ ਦੀ ਸੁਰੱਖਿਆ ਲਈ ਬਣਾਈ 'ਸਪੈਸ਼ਲ ਬਰਾਂਚ' ਦਾ ਮੁਖੀ ਸੀ। ਜੱਜ ਖਾਨ ਨੇ ਬੇਨਜ਼ੀਰ ਹੱਤਿਆ ਕਾਂਡ ਦਾ ਫ਼ੈਸਲਾ ਵੀਰਵਾਰ ਨੂੰ ਸੁਣਾਇਆ ਸੀ ਜਿਸ 'ਚ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਤੇ ਦੋ ਪੁਲਿਸ ਅਧਿਕਾਰੀਆਂ ਨੂੰ 17-17 ਸਾਲ ਦੀ ਕੈਦ ਤੇ ੁਪੰਜ-ਪੰਜ ਲੱਖ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਹ ਸਜ਼ਾ ਆਦਿਆਲ ਜੇਲ੍ਹ 'ਚ ਸੁਣਾਈ ਗਈ ਤੇ ਜੱਜ ਨੂੰ ਰਾਵਲਪਿੰਡੀ ਸ਼ਹਿਰ ਤੋਂ ਜੇਲ੍ਹ 'ਚ ਸਜ਼ਾ ਸੁਣਾਉਣ ਲਈ ਜਾਣਾ ਪਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਸ ਮਾਮਲੇ 'ਚ ਅਲਕਾਇਦਾ ਦਾ ਹੱਥ ਹੋਣ ਦਾ ਜ਼ਿਕਰ ਸੀ ਤੇ ਕੋਈ ਅੱਤਵਾਦੀ ਕਾਰਵਾਈ ਦੀ ਸ਼ੰਕਾ ਨੂੰ ਮੁੱਖ ਰੱਖਦਿਆਂ ਇਹ ਸਜ਼ਾ ਜੱਜ ਨੇ ਜੇਲ੍ਹ 'ਚ ਜਾ ਕੇ ਸੁਣਾਈ।

ਪੁਲਿਸ ਅਧਿਕਾਰੀਆਂ ਅਨੁਸਾਰ ਸ਼ਹਿਜ਼ਾਦ ਫ਼ੈਸਲੇ ਤੋਂ ਕਾਫ਼ੀ ਸਮਾਂ ਪਹਿਲਾਂ ਜੇਲ੍ਹ 'ਚ ਪੁੱਜ ਗਿਆ ਸੀ ਤੇ ਉਸ ਨੇ ਹੀ ਸਾਰੇ ਸੁਰੱਖਿਆ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ। ਦੋਨੋਂ ਪੁਲਿਸ ਅਧਿਕਾਰੀਆਂ ਨੇ ਲਗਪਗ ਛੇ ਘੰਟੇ ਤਕ ਜੇਲ੍ਹ 'ਚ ਜੱਜ ਦੇ ਆਉਣ ਦਾ ਇੰਤਜ਼ਾਰ ਕੀਤਾ। ਬਾਅਦ 'ਚ ਸਜ਼ਾ ਸੁਣਾਏ ਜਾਣ 'ਤੇ ਸ਼ਹਿਜ਼ਾਦ ਹੱਕਾਬੱਕਾ ਰਹਿ ਗਿਆ ਕਿਉਂਕਿ ਉਸ ਨੂੰ ਆਪਣੇ ਬਰੀ ਹੋਣ ਦਾ ਪੂਰਾ ਭਰੋਸਾ ਸੀ। ਸਜ਼ਾ ਸੁਣਾਏ ਜਾਣ ਪਿੱਛੋਂ ਦੋਵਾਂ ਪੁਲਿਸ ਅਧਿਕਾਰੀਆਂ ਨੂੰ ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਹੁਣ ਦੋਨੋਂ ਪੁਲਿਸ ਅਧਿਕਾਰੀ ਇਸ ਫ਼ੈਸਲੇ ਵਿਰੁੱਧ ਹਾਈ ਕੋਰਟ 'ਚ ਅਪੀਲ ਕਰ ਰਹੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: police officer shehzad