ਬੀਜਿੰਗ (ਪੀਟੀਆਈ) : ਚੀਨ ਦੀ ਫ਼ੌਜ ਨੇ ਨਵੇਂ ਫ਼ੌਜੀਆਂ ਦੀ ਸਿਖਲਾਈ ਲਈ ਸਮਾਂ ਵਧਾ ਕੇ ਦੁੱਗਣਾ ਕਰ ਦਿੱਤਾ ਹੈ। ਥਲ ਸੈਨਾ ਵਿਚ ਸ਼ਾਮਿਲ ਹੋਣ ਵਾਲੇ ਨਵੇਂ ਰੰਗਰੂਟਾਂ ਨੂੰ ਤਿੰਨ ਮਹੀਨੇ ਦੀ ਥਾਂ ਹੁਣ ਛੇ ਮਹੀਨੇ ਤਕ ਸਿਖਲਾਈ ਦਿੱਤੀ ਜਾਵੇਗੀ। ਇਸ ਦਾ ਮਕਸਦ ਉਨ੍ਹਾਂ ਦੀਆਂ ਜੰਗ ਸਬੰਧੀ ਸਮਰੱਥਾਵਾਂ ਨੂੰ ਬਿਹਤਰ ਕਰਨਾ ਹੈ।<ਚੀਨ ਦੇ ਸਰਕਾਰ ਅਖ਼ਬਾਰ 'ਗਲੋਬਲ ਟਾਈਮਜ਼' ਨੇ ਸ਼ੁੱਕਰਵਾਰ ਨੂੰ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਹਵਾਲੇ ਨਾਲ ਕਿਹਾ ਕਿ ਫ਼ੌਜ ਦੀਆਂ ਵੱਖ-ਵੱਖ ਕੰਪਨੀਆਂ ਵਿਚ ਤਾਇਨਾਤੀ ਤੋਂ ਪਹਿਲੇ ਨਵੇਂ ਫ਼ੌਜੀਆਂ ਨੂੰ ਜੰਗ ਦੀ ਸਿਖਲਾਈ ਦਿੱਤੀ ਜਾਵੇਗੀ। ਭਰਤੀ ਹੋਣ ਵਾਲੇ ਫ਼ੌਜੀ ਆਪਣੇ ਸੀਨੀਅਰ ਦੇ ਨਾਲ ਤਾਲਮੇਲ ਨਹੀਂ ਕਰ ਪਾਉਂਦੇ ਅਤੇ ਇਨ੍ਹਾਂ ਸੀਨੀਅਰ ਨੂੰ ਵੀ ਲੋੜੀਂਦੀ ਸਿਖਲਾਈ ਨਹੀਂ ਮਿਲੀ ਹੈ। ਪੀਐੱਲਏ ਦੇ ਸਿਖਲਾਈ ਬਿਊਰੋ ਦੇ ਇਕ ਅਧਿਕਾਰੀ ਨੇ ਕਿਹਾ ਕਿ ਹੁਣ ਨਵੇਂ ਫ਼ੌਜੀਆਂ ਨੂੰ ਜ਼ਿਆਦਾ ਪ੍ਰਭਾਵੀ ਸਿਖਲਾਈ ਦਿੱਤੀ ਜਾਵੇਗੀ। ਮਾਨਕ ਅਨੁਸਾਰ ਸਿੱਖਿਅਤ ਹੋਣ 'ਤੇ ਉਹ ਜੰਗੀ ਯੂਨਿਟਾਂ ਵਿਚ ਤਾਇਨਾਤੀ ਪਾਉਣ ਵਿਚ ਸਮਰੱਥ ਹੋ ਸਕਣਗੇ। ਪੀਐੱਲਏ ਦੁਨੀਆ ਦੀ ਸਭ ਤੋਂ ਵੱਡੀ ਫ਼ੌਜ ਹੈ। ਇਸ ਵਿਚ ਕਰੀਬ 20 ਲੱਖ ਫ਼ੌਜੀ ਹਨ।