ਪਾਕਿ ਦੀ ਕੌਮੀ ਅਸੈਂਬਲੀ ਦੇ ਸਪੀਕਰ ਨੇ ਕੀਤਾ ਵਾਕਆਊਟ

Updated on: Tue, 13 Mar 2018 05:33 PM (IST)
  

13 ਸੀਐੱਨਟੀ 1008

-ਦੋ ਨਵੇਂ ਕਾਨੂੰਨਾਂ 'ਤੇ ਜਵਾਬ ਦੇਣ ਲਈ ਸਕੱਤਰ ਸੀ ਗ਼ੈਰਹਾਜ਼ਰ

-ਸਪੀਕਰ ਵੱਲੋਂ ਸਕੱਤਰ ਖ਼ਿਲਾਫ਼ ਕਾਰਵਾਈ ਦੀ ਪੀਐੱਮ ਤੋਂ ਮੰਗ

ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੀ ਕੌਮੀ ਅਸੈਂਬਲੀ 'ਚ ਅੱਜ ਉਦੋਂ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਨੇ ਸਦਨ ਤੋਂ ਰੋਸ ਵਜੋਂ ਵਾਕਆਊਟ ਕਰ ਦਿੱਤਾ। ਅਜਿਹਾ ਦੋ ਕਾਨੂੰਨਾਂ ਦੇ ਖਰੜਿਆਂ 'ਤੇ ਸਬੰਧਤ ਸਕੱਤਰ ਵੱਲੋਂ ਜਵਾਬ ਨਾ ਦੇਣ ਕਰ ਕੇ ਕੀਤਾ ਗਿਆ।

ਅੰਦਰੂਨੀ ਸੁਰੱਖਿਆ ਬਾਰੇ ਸਕੱਤਰ ਅਰਸ਼ਦ ਮਿਰਜ਼ਾ ਨੂੰ ਦੁਪਹਿਰ ਸਮੇਂ ਅਸੈਂਬਲੀ 'ਚ ਬੁਲਾ ਕੇ ਬਿੱਲਾਂ 'ਤੇ ਸਵਾਲਾਂ ਦਾ ਜਵਾਬ ਦੇਣ ਲਈ ਕਿਹਾ ਗਿਆ ਸੀ। ਇਨ੍ਹਾਂ 'ਚ ਵਿਦਿਆਰਥੀਆਂ ਲਈ ਲਾਜ਼ਮੀ ਡਰੱਗ ਟੈਸਟ ਅਤੇ ਵਿੱਦਿਅਕ ਸੰਸਥਾਵਾਂ 'ਚ ਡਰੱਗ ਦੀ ਵਰਤੋਂ ਰੋਕਣ ਦੇ ਸਵਾਲ ਸ਼ਾਮਿਲ ਸਨ। ਸਪੀਕਰ ਅਯਾਜ਼ ਸਾਦਿਕ ਇਸ ਗੱਲ ਤੋਂ ਬਹੁਤ ਨਾਰਾਜ਼ ਹੋ ਗਏ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਮਿਰਜ਼ਾ ਅਸੈਂਬਲੀ 'ਚ ਹਾਜ਼ਰ ਨਹੀਂ। ਇਸ ਪਿੱਛੋਂ ਸਾਦਿਕ ਰੋਸ ਵਜੋਂ ਸਦਨ ਵਿਚੋਂ ਵਾਕਆਊਟ ਕਰ ਕੇ ਚਲੇ ਗਏ।

ਸਪੀਕਰ ਅਯਾਜ਼ ਸਾਦਿਕ ਨੇ ਕਿਹਾ ਕਿ ਮੈਂ ਉਦੋਂ ਤਕ ਸਦਨ ਤੋਂ ਵਾਕਆਊਟ ਰੱਖਾਂਗਾ ਜਦੋਂ ਤਕ ਪ੍ਰਧਾਨ ਮੰਤਰੀ ਸ਼ਾਹਿਦ ਖੱਕਾਨ ਅੱਬਾਸ ਲਿਖਤੀ ਜਵਾਬ ਨਹੀਂ ਦਿੰਦੇ ਕਿ ਭਵਿੱਖ 'ਚ ਅਜਿਹਾ ਨਹੀਂ ਹੋਵੇਗਾ। ਇਹ ਮੰਗ ਪੂਰੀ ਹੋਣ ਤਕ ਮੈਂ ਇਜਲਾਸ ਦੀ ਕਾਰਵਾਈ 'ਚ ਸ਼ਾਮਿਲ ਨਹੀਂ ਹੋਵਾਂਗਾ। ਸਿਦੀਕ ਨੇ ਕਿਹਾ ਕਿ ਕੌਮੀ ਅਸੈਂਬਲੀ ਦੀ ਅਜਿਹੀ ਹਾਲਤ ਹੋ ਗਈ ਹੈ ਕਿ ਇਕ ਸਿਵਲ ਅਧਿਕਾਰੀ ਜਵਾਬ ਦੇਣ ਲਈ ਅਸੈਂਬਲੀ 'ਚ ਹਾਜ਼ਰ ਨਹੀਂ ਹੁੰਦਾ ਜਦਕਿ ਫੈਡਰਲ ਮੰਤਰੀ, ਰਾਜ ਮੰਤਰੀ ਤੇ ਪਾਰਲੀਮਾਨੀ ਸਕੱਤਰ ਸਾਰੇ ਕੌਮੀ ਅਸੈਂਬਲੀ 'ਚ ਮੌਜੂਦ ਸਨ।

ਡਿਪਟੀ ਸਪੀਕਰ ਮੁਰਤਜ਼ਾ ਜਾਵੇਦ ਅੱਬਾਸ ਨੇ ਸਿਦੀਕ ਦੀ ਗ਼ੈਰਮੌਜੂਦਗੀ 'ਚ ਸਦਨ ਦੀ ਕਾਰਵਾਈ ਸੰਭਾਲੀ ਪ੍ਰੰਤੂ ਚਿਤਾਵਨੀ ਦਿੱਤੀ ਕਿ ਜੇਕਰ ਸਬੰਧਤ ਸਕੱਤਰ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਪੂਰਾ ਹਾਊਸ ਵਾਕਆਊਟ ਕਰੇਗਾ। ਪਾਕਿਸਤਾਨ 'ਚ ਇਹ ਪ੍ਰਚਲਿਤ ਹੈ ਕਿ ਤਾਕਤਵਰ ਅਫਸਰਸ਼ਾਹੀ ਪਾਰਲੀਮਾਨੀ ਕਾਰਵਾਈ ਦੌਰਾਨ ਸੂਚਨਾਵਾਂ ਰੋਕ ਕੇ ਕੰਮਕਾਜ 'ਚ ਅੜਚਣਾਂ ਖੜੀਆਂ ਕਰ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: pak speaker walkout