10 ਸੀਐੱਨਟੀ 1007

ਨਿਊਯਾਰਕ ਵਿਖੇ ਸਮਾਗਮ 'ਚ ਭਾਰਤੀ ਫਿਲਮੀ ਗਾਣਾ ਗਾਉਣਾ ਪਿਆ ਮਹਿੰਗਾ

ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਉੱਘੇ ਗਾਇਕ ਆਤਿਫ ਅਸਲਮ ਦੇਸ਼ ਦੇ ਮੁੱਖ ਸੋਸ਼ਲ ਮੀਡੀਆ 'ਤੇ ਟ੫ੋਲ ਹੋਇਆ ਹੈ। ਅਜਿਹਾ ਉਸ ਵੱਲੋਂ ਨਿਊਯਾਰਕ ਵਿਖੇ ਪਾਕਿਸਤਾਨ ਦੇ ਆਜ਼ਾਦੀ ਦਿਵਸ ਸਬੰਧੀ ਸਮਾਗਮ ਦੌਰਾਨ ਭਾਰਤੀ ਫਿਲਮੀ ਗਾਣਾ ਗਾਉਣ ਕਰ ਕੇ ਹੋਇਆ ਹੈ।

ਆਤਿਫ ਜਿਸ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਗਾਣੇ ਗਾਏ ਹਨ ਨੇ ਇਸ ਮਹੀਨੇ ਦੇ ਸ਼ੁਰੂ 'ਚ ਨਿਊਯਾਰਕ ਵਿਖੇ ਹੋਏ ਸਮਾਗਮ 'ਚ 2009 'ਚ ਬਣੀ ਿਫ਼ਲਮ 'ਅਜਬ ਪ੍ਰੇਮ ਕੀ ਗਜ਼ਬ ਕਹਾਣੀ' ਦਾ ਗੀਤ 'ਤੇਰਾ ਹੋਨੇ ਲਗਾ ਹੂੰ' ਗਾਇਆ ਸੀ। ਇਸ ਗਾਣੇ ਨੂੰ ਲੈ ਕੇ ਉਸ ਦੇ ਦੇਸ਼ ਪ੍ਰਤੀ ਪ੍ਰੇਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਿਛੜ ਗਈ ਹੈ। ਇਕ ਟਵਿੱਟਰ ਯੂਜ਼ਰ ਨੇ ਤਾਂ ਇਥੋਂ ਤਕ ਲਿਖ ਦਿੱਤਾ ਕਿ ਸਾਡੇ ਮਨ 'ਚ ਆਤਿਫ ਅਸਲਮ ਦਾ ਸਨਮਾਨ ਜ਼ੀਰੋ ਹੋ ਗਿਆ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਆਤਿਫ ਅਸਲਮ ਦਾ ਬਾਈਕਾਟ ਕਰੋ ਇਸ ਨੇ ਸਾਡਾ ਦਿਲ ਤੋੜ ਦਿੱਤਾ ਹੈ। ਟਵਿੱਟਰ 'ਤੇ ਕਾਫ਼ੀ ਟਵੀਟ ਹੋਣ ਪਿੱਛੋਂ ਆਤਿਫ ਨੇ ਇਕ ਲੰਬਾ ਇੰਸਟਾਗ੍ਰਾਮ ਪੋਸਟ ਕਰ ਕੇ ਲਿਖਿਆ ਕਿ 'ਨਵੇਂ ਪਾਕਿਸਤਾਨ 'ਚ ਸਭ ਕੁਝ ਬਦਲ ਜਾਏਗਾ।' ਆਪਣੇ ਪੋਸਟ 'ਚ ਆਤਿਫ ਨੇ ਅੱਗੇ ਲਿਖਿਆ ਕਿ ਅੱਲ੍ਹਾ ਜਾਣਦਾ ਹੈ ਕਿ ਮੇਰੇ ਮਨ 'ਚ ਦੇਸ਼ ਪ੍ਰਤੀ ਕਿੰਨਾ ਪਿਆਰ ਹੈ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਇਸ ਝੂਠੇ ਪ੍ਰਚਾਰ 'ਤੇ ਧਿਆਨ ਨਾ ਦੇਣ।

ਇਸ ਦੌਰਾਨ ਇਕ ਹੋਰ ਪਾਕਿਸਤਾਨੀ ਸ਼ਾਸਤਰੀ ਗਾਇਕ ਸ਼ਫਾਕਤ ਅਮਾਨਤ ਅਲੀ, ਜਿਸ ਨੇ ਕਈ ਭਾਰਤੀ ਫਿਲਮਾਂ 'ਚ ਗਾਣੇ ਗਾਏ ਹਨ ਨੇ ਆਤਿਫ ਅਸਲਮ ਦਾ ਸਮੱਰਥਨ ਕੀਤਾ ਹੈ। ਉਨ੍ਹਾਂ ਆਪਣੇ ਟਵੀਟ 'ਚ ਕਿਹਾ ਕਿ ਗਾਇਕ ਸਾਰਿਆਂ ਦੇ ਸਾਂਝੇ ਹੁੰਦੇ ਹਨ।

ਪਾਕਿ ਦੇ ਫਿਲਮ ਵਿਸ਼ਲੇਸ਼ਕ ਓਮਰ ਅਲਾਵੀ ਨੇ ਕਿਹਾ ਕਿ ਲੋਕਾਂ ਨੂੰ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਬਾਲੀਵੁੱਡ ਫਿਲਮਾਂ ਤੇ ਡਰਾਮੇ ਪਾਕਿਸਤਾਨੀ ਸਿਨੇਮਾ ਘਰਾਂ ਤੇ ਟੀਵੀ 'ਤੇ ਆਮ ਵਿਖਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ। ਉਨ੍ਹਾਂ ਸਵਾਲ ਕੀਤਾ ਕਿ ਕੀ ਪਾਕਿਸਤਾਨੀ ਲੋਕ ਭਾਰਤੀ ਫਿਲਮਾਂ ਵੇਖਣ ਸਿਨੇਮਾ ਘਰਾਂ 'ਚ ਨਹੀਂ ਜਾਂਦੇ? ਕੀ ਭਾਰਤੀ ਨਾਟਕ ਪਾਕਿਸਤਾਨੀ ਟੀਵੀ ਚੈਨਲਾਂ 'ਤੇ ਨਹੀਂ ਚੱਲਦੇ?