ਪਾਕਿ ਦੇ ਸਿੱਖ ਆਗੂ ਵੱਲੋਂ ਸ਼ਮਸ਼ਾਨਘਾਟ ਬਣਾਉਣ ਲਈ ਪਟੀਸ਼ਨ

Updated on: Wed, 16 May 2018 07:36 PM (IST)
  

-ਪਿਸ਼ਾਵਰ ਹਾਈ ਕੋਰਟ 'ਚ ਦਾਖਲ ਕੀਤੀ ਗਈ ਪਟੀਸ਼ਨ

-ਖ਼ੈਬਰ ਪਖਤੂਨਖਵਾ ਸਰਕਾਰ ਨੂੰ ਫੰਡ ਦੇਣ ਲਈ ਕਿਹਾ

ਪਿਸ਼ਾਵਰ (ਪੀਟੀਆਈ) : ਪਾਕਿਸਤਾਨ ਦੇ ਉੱਤਰੀ-ਪੱਛਮੀ ਸਰਹੱਦੀ ਸੂਬੇ ਦੇ ਇਕ ਸਿੱਖ ਆਗੂ ਨੇ ਪਿਸ਼ਾਵਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਅਦਾਲਤ ਖ਼ੈਬਰ ਪਖਤੂਨਖਵਾ ਸਰਕਾਰ ਨੂੰ ਆਦੇਸ਼ ਜਾਰੀ ਕਰੇ ਕਿ ਉਹ ਸੂਬਾਈ ਰਾਜਧਾਨੀ 'ਚ ਸਿੱਖ ਭਾਈਚਾਰੇ ਲਈ ਸ਼ਮਸ਼ਾਨਘਾਟ ਬਣਾਉਣ ਵਾਸਤੇ ਫੰਡ ਮੁਹੱਈਆ ਕਰੇ। ਸ਼ਮਸ਼ਾਨਘਾਟ ਦੀ ਘਾਟ ਕਰਕੇ ਸਿੱਖ ਭਾਈਚਾਰੇ ਨੂੰ ਦੇਹਾਂ ਨੂੰ ਦਫ਼ਨਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸਿੱਖ ਭਾਈਚਾਰੇ ਦੇ ਆਗੂ ਗੁਰਪਾਲ ਸਿੰਘ ਨੇ ਆਪਣੇ ਵਕੀਲ ਰਾਹੀਂ ਪਟੀਸ਼ਨ ਦਾਖਲ ਕਰ ਕੇ ਮੰਗ ਕੀਤੀ ਕਿ ਉਹ ਸੂਬਾ ਸਰਕਾਰ ਨੂੰ ਆਦੇਸ਼ ਜਾਰੀ ਕਰੇ ਕਿ ਉਹ ਸਾਲ 2017-18 ਦੇ ਬਜਟ ਵਿਚੋਂ ਤਿੰਨ ਕਰੋੜ ਰੁਪਏ ਜਾਰੀ ਕਰੇ ਤਾਕਿ ਸਿੱਖ ਭਾਈਚਾਰੇ ਲਈ ਸ਼ਮਸ਼ਾਨਘਾਟ ਅਤੇ ਈਸਾਈ ਭਾਈਚਾਰੇ ਲਈ ਕਬਰਿਸਤਾਨ ਦਾ ਨਿਰਮਾਣ ਕੀਤਾ ਜਾ ਸਕੇ। ਸਰਕਾਰ ਨੇ ਅਜੇ ਤਕ ਨਾ ਤਾਂ ਇਸ ਲਈ ਕੋਈ ਯੋਜਨਾ ਬਣਾਈ ਹੈ ਅਤੇ ਨਾ ਹੀ ਫੰਡ ਜਾਰੀ ਕੀਤੇ ਹਨ।

ਆਪਣੀ ਪਟੀਸ਼ਨ 'ਚ ਗੁਰਪਾਲ ਸਿੰਘ ਨੇ ਕਿਹਾ ਕਿ ਖ਼ੈਬਰ ਪਖਤੂਨਖਵਾ ਸੂਬੇ 'ਚ 60 ਹਜ਼ਾਰ ਸਿੱਖ ਰਹਿੰਦੇ ਹਨ ਤੇ ਇਕੱਲੇ ਪਿਸ਼ਾਵਰ 'ਚ ਹੀ 15 ਹਜ਼ਾਰ ਸਿੱਖ ਰਹਿੰਦੇ ਹਨ। ਇਸ ਦੇ ਬਾਵਜੂਦ ਇਥੇ ਕੋਈ ਸ਼ਮਸ਼ਾਨਘਾਟ ਨਹੀਂ ਹੈ ਤੇ ਸਿੱਖ ਭਾਈਚਾਰੇ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਭ ਤੋਂ ਨੇੜਲਾ ਸ਼ਮਸ਼ਾਨਘਾਟ ਅੱਟਕ 'ਚ ਹੈ ਜੋ ਪਿਸ਼ਾਵਰ ਤੋਂ 45 ਕਿਲੋਮੀਟਰ ਦੂਰ ਹੈ। ਅੱਟਕ ਦੇ ਸ਼ਮਸ਼ਾਨਘਾਟ ਦੀ ਵਰਤੋਂ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਕਰਦੇ ਹਨ। ਖ਼ੈਬਰ ਇਲਾਕੇ ਦੇ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਲੋਕ ਗ਼ਰੀਬ ਹੋਣ ਕਾਰਨ ਇੰਨੀ ਦੂਰ ਜਾ ਕੇ ਸਸਕਾਰ ਕਰਨ ਦਾ ਖ਼ਰਚਾ ਨਹੀਂ ਝੱਲ ਸਕਦੇ।

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਾਲ 2017-18 ਦੇ ਬਜਟ 'ਚ ਸਰਕਾਰ ਨੇ ਘੱਟ ਗਿਣਤੀਆਂ ਲਈ 2,669 ਮਿਲੀਅਨ ਦੇ ਫੰਡ ਰੱਖੇ ਸਨ ਜਿਨ੍ਹਾਂ 'ਚ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਲਈ ਐਂਬੂਲੈਂਸ ਸੇਵਾ ਮੁਹੱਈਆ ਕਰਨਾ ਵੀ ਸ਼ਾਮਿਲ ਹੈ, ਪ੍ਰੰਤੂ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਦਾਲਤ ਸੂਬਾ ਸਰਕਾਰ ਨੂੰ ਆਦੇਸ਼ ਜਾਰੀ ਕਰੇ ਕਿ ਉਹ ਪਿਸ਼ਾਵਰ ਦੇ ਨੇੜੇ ਸ਼ਮਸ਼ਾਨਘਾਟ ਦਾ ਨਿਰਮਾਣ ਕਰ ਕੇ ਆਧੁਨਿਕ ਸਹੂਲਤਾਂ ਦੇਵੇ। ਸਿੰਘ ਦੇ ਵਕੀਲ ਮੁਹੰਮਦ ਖੁਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਦਾ ਸੰਵਿਧਾਨ ਹਰ ਵਿਅਕਤੀ ਨੂੰ ਸ਼ਾਨ ਨਾਲ ਜੀਣ ਦਾ ਅਧਿਕਾਰ ਦਿੰਦਾ ਹੈ ਤੇ ਸਿੱਖ ਭਾਈਚਾਰੇ ਨੂੰ ਆਪਣੇ ਸਬੰਧੀਆਂ ਦੀਆਂ ਆਖ਼ਰੀ ਰਸਮਾਂ ਸਨਮਾਨ ਨਾਲ ਪੂਰੀਆਂ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: pak sikh leader petition