-ਸੱਤ ਦਹਾਕਿਆਂ ਪਿੱਛੋਂ ਪਾਸ ਹੋਇਆ ਹਿੰਦੂ ਮੈਰਿਜ ਐਕਟ

-ਤਲਾਕਸ਼ੁਦਾ ਅੌਰਤਾਂ ਬੱਚਿਆਂ ਲਈ ਲੈ ਸਕਣਗੀਆਂ ਖ਼ਰਚਾ

ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਸਿੰਧ ਸੂਬੇ 'ਚ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਅੌਰਤਾਂ ਨੂੰ ਦੁਬਾਰਾ ਵਿਆਹ ਕਰਵਾਉਣ ਦੀ ਇਜਾਜ਼ਤ ਮਿਲ ਗਈ ਹੈ। ਅਜਿਹਾ ਸੂਬਾ ਅਸੈਂਬਲੀ ਵੱਲੋਂ ਕਾਨੂੰਨ 'ਚ ਕੀਤੀ ਸੋਧ ਕਾਰਨ ਸੰਭਵ ਹੋ ਸਕਿਆ ਹੈ। ਇਸ ਤੋਂ ਪਹਿਲੇ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਅੌਰਤ ਨੂੰ ਮੁੜ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਸੀ।

ਐਕਸਪ੍ਰੈੱਸ ਟਿ੫ਬਿਊਨ 'ਚ ਛਪੀ ਰਿਪੋਰਟ ਅਨੁਸਾਰ ਸਿੰਧ ਹਿੰਦੂ ਵਿਆਹ (ਸੋਧ) ਬਿੱਲ 2018 'ਚ ਨਾ ਕੇਵਲ ਤਲਾਕਸ਼ੁਦਾ ਜਾਂ ਵਿਧਵਾ ਅੌਰਤਾਂ ਨੂੰ ਦੁਬਾਰਾ ਵਿਆਹ ਦਾ ਅਧਿਕਾਰ ਮਿਲਿਆ ਹੈ ਸਗੋਂ ਤਲਾਕਸ਼ੁਦਾ ਅੌਰਤਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਵਿੱਤੀ ਸੁਰੱਖਿਆ ਵੀ ਮਿਲੀ ਹੈ। ਇਹ ਸੋਧ ਬਿੱਲ ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਨੰਦ ਕੁਮਾਰ ਵੱਲੋਂ ਪੇਸ਼ ਕੀਤਾ ਗਿਆ ਸੀ ਤੇ ਇਸ ਸਾਲ ਮਾਰਚ ਮਹੀਨੇ 'ਚ ਸਿੰਧ ਅਸੈਂਬਲੀ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਇਸ ਐਕਟ ਦੇ ਲਾਗੂ ਹੋਣ ਤੋਂ ਪਹਿਲੇ ਤੇ ਬਾਅਦ ਦੀਆਂ ਸਬੰਧਤ ਧਿਰਾਂ ਤਲਾਕ ਲਈ ਅਦਾਲਤ 'ਚ ਆਪਣੀ ਅਰਜ਼ੀ ਦੇ ਸਕਦੀਆਂ ਹਨ। ਇਸ ਨਵੇਂ ਕਾਨੂੰਨ ਅਨੁਸਾਰ ਹਿੰਦੂ ਭਾਈਚਾਰੇ 'ਚ ਨਾਬਾਲਿਗ ਲੜਕੀਆਂ ਦੇ ਵਿਆਹ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਨੰਦ ਕੁਮਾਰ ਨੇ ਦੱਸਿਆ ਕਿ ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਨਾਬਾਲਿਗ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ 'ਤੇ ਵੀ ਠੱਲ ਪੈ ਗਈ ਹੈ। ਨੰਦ ਕੁਮਾਰ ਨੇ ਘੱਟ ਗਿਣਤੀ ਧਾਰਮਿਕ ਫਿਰਕਿਆਂ ਦੇ ਲੋਕਾਂ ਦੇ ਜਬਰੀ ਧਰਮ ਪਰਿਵਰਤਨ 'ਤੇ ਰੋਕ ਲਈ ਵੀ ਇਕ ਬਿੱਲ ਸਿੰਧ ਅਸੈਂਬਲੀ 'ਚ ਪੇਸ਼ ਕੀਤਾ ਸੀ ਜੋਕਿ ਅਜੇ ਤਕ ਸਕੱਤਰੇਤ 'ਚ ਲਟਕਦਾ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਵੇਂ ਕਾਨੂੰਨ ਨਾਲ ਪੁਰਾਣੀਆਂ ਰਵਾਇਤੀ ਪਾਬੰਦੀਆਂ 'ਤੇ ਵੀ ਰੋਕ ਲੱਗੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਸੁਪਰੀਮੋ ਬਿਲਾਵਲ ਭੁੱਟੋ ਤੇ ਹੋਰ ਪਾਰਟੀ ਆਗੂਆਂ ਦੇ ਦਖਲ ਨਾਲ ਹੀ ਇਹ ਸੋਧ ਬਿੱਲ ਕਾਨੂੰਨ ਬਣ ਸਕਿਆ ਤੇ ਉਥੋਂ ਦੇ ਰਾਜਪਾਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲੇ ਪਿਛਲੇ ਸੱਤ ਦਹਾਕਿਆਂ ਦੌਰਾਨ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਅੌਰਤਾਂ ਨੂੰ ਕੋਈ ਸਮਾਜਿਕ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਸੀ।